ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪ੍ਰਧਾਨਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਕਰ ਸਕਦੇ ਹਨ। ਉਨ੍ਹਾਂ ਦੇ 5 ਅਗਸਤ ਨੂੰ ਅਯੁੱਧਿਆ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਅਜੇ ਅਧਿਕਾਰਕ ਐਲਾਨ ਹੋਣਾ ਬਾਕੀ ਹੈ। ਪੀਐਮ ਮੋਦੀ ਤੋਂ ਇਲਾਵਾ ਆਰਐਸਐਸ ਮੁੱਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਵੀ ਭੂਮੀ ਪੂਜਨ ਵਿਚ ਭਾਗ ਲੈਣਗੇ।
ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਪ੍ਰਧਾਨਮੰਤਰੀ ਦਫਤਰ ਨੂੰ ਭੂਮੀ ਪੂਜਨ ਲਈ ਤਿੰਨ ਅਤੇ ਪੰਜ ਅਗਸਤ ਦੀ ਤਰੀਕ ਭੇਜੀ ਗਈ ਸੀ ਅਤੇ ਪੀਐਮਓ ਦੁਆਰਾ 5 ਅਗਸਤ ਨੂੰ ਚੁਣਿਆ ਗਿਆ ਹੈ। ਦਰਅਸਲ ਸ਼ਨੀਵਾਰ ਨੂੰ ਟਰੱਸਟ ਦੀ ਹੋਈ ਬੈਠਕ ਵਿਚ ਇਹ ਤਰੀਕਾਂ ਤੈਅ ਕੀਤੀਆਂ ਗਈਆਂ ਸਨ। ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਅਯੁੱਧਿਆ ਸਥਿਤ ਸਰਕਿਟ ਹਾਊਸ ਵਿਚ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਸੀ ਕਿ ਰਾਮ ਮੰਦਰੀ ਦੇ ਭੂਮੀ ਪੂਜਨ ਲਈ ਮਿਤੀਆਂ ਨੂੰ ਪ੍ਰਧਾਨਮੰਤਰੀ ਦਫਤਰ ਭੇਜਿਆ ਗਿਆ ਹੈ ਅਤੇ ਦੇਸ਼ ਵਿਚ ਤਾਜ਼ਾ ਸਥਿਤੀ ਨੂੰ ਵੇਖਦੇ ਹੋਏ ਆਖਰੀ ਫੈਸਲਾ ਪੀਐਮਓ ਵੱਲੋਂ ਲਿਆ ਜਾਵੇਗਾ। ਰਿਪੋਰਟਾਂ ਮੁਤਾਬਕ ਰਾਮ ਮੰਦਰ ਦਾ ਕੰਪਲੈਕਸ ਲਗਭਗ 100 ਤੋਂ 120 ਏਂਕੜ ਤੱਕ ਦਾ ਹੋਵੇਗਾ ਅਤੇ ਇਸ ਦੇ ਨਿਰਮਾਣ ਲਈ 100 ਕਰੋੜ ਰੁਪਏ ਖਰਚ ਹੋਣਗੇ। ਰਾਮ ਮੰਦਰ ਪੂਰੀ ਤਰ੍ਹਾ ਤਿਆਰ ਹੋਣ ਵਿਚ ਤਿੰਨ ਤੋਂ ਸਾਢੇ ਤਿੰਨ ਸਾਲ ਦਾ ਸਮਾਂ ਲੱਗੇਗਾ। ਸ਼ਨੀਵਾਰ ਦੀ ਬੈਠਕ ਵਿਚ ਮੰਦਰ ਦਾ ਨਕਸ਼ਾ ਬਦਲਣ ਉੱਤੇ ਵੀ ਫੈਸਲਾ ਹੋਇਆ ਹੈ। ਹੁਣ ਮੰਦਰ ਵਿਚ 3 ਗੁੰਬਦ ਦੀ ਥਾਂ 5 ਗੁੰਬਦ ਹੋਣਗੇ। ਮੰਦਰ ਦੀ ਲੰਬਾਈ, ਚੋੜਾਈ ਅਤੇ ਉਚਾਈ ਪ੍ਰਸਤਾਵਿਤ ਨਕਸ਼ੇ ਤੋਂ ਵੱਧ ਹੋਵੇਗੀ। ਇਹ ਫੈਸਲਾ ਸੰਤਾਂ ਦੁਆਰਾ ਰਾਮ ਮੰਦਰ ਦੇ ਵਿਸਥਾਰ ਨੂੰ ਵਧਾਉਣ ਵਾਲੀ ਮੰਗ ਤੋਂ ਬਾਅਦ ਲਿਆ ਗਿਆ ਹੈ।
