ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਸ਼ਹੂਰ ਸੋਸ਼ਲ ਮੀਡੀਆ ਐਪ ਟਿਕ-ਟੋਕ ਦੇ ਭਾਰਤ ਵਿਚ ਬੈਨ ਹੋਣ ਮਗਰੋਂ ਹੁਣ ਅਮਰੀਕਾ, ਬ੍ਰਿਟੇਨ ਸਮੇਤ ਕਈ ਦੂਜੇ ਦੇਸ਼ਾਂ ਵਿਚ ਇਹ ਐਪ ਬੈਨ ਕਰਨ ਨੂੰ ਲੈ ਕੇ ਮੰਗ ਤੇਜ਼ ਹੋ ਗਈ ਹੈ। ਇਸੇ ਤਹਿਤ ਬੀਤੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਸਾਂਸਦਾ ਨੇ ਟਰੰਪ ਨੂੰ ਇਕ ਚਿੱਠੀ ਲਿਖ ਕੇ ਅਮਰੀਕਾ ਵਿਚ ਟਿਕ-ਟੋਕ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੂੰ ਲਿਖੇ ਗਏ ਪੱਤਰ ਵਿਚ 24 ਅਮਰੀਕੀ ਸਾਂਸਦਾਂ ਨੇ ਭਾਰਤ ਦੀ ਉਦਾਹਰਣ ਦਿੰਦਿਆ ਕਿਹਾ ਹੈ ਕਿ ਭਾਰਤ ਨੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ ਅਤੇ ਅਮਰੀਕਾ ਨੂੰ ਵੀ ਹੁਣ ਇਸ ਦਿਸ਼ਾ ਵੱਲ ਕਦਮ ਵਧਾਉਣੇ ਚਾਹੀਦੇ ਹਨ। ਸਾਂਸਦਾ ਅਨੁਸਾਰ ਚੀਨ ਦੀ ਕਮਿਊਨਿਸਟ ਪਾਰਟੀ ਇਨ੍ਹਾਂ ਐਪਸ ਰਾਹੀਂ ਅਮਰੀਕਾ ਵਿਚ ਘੂਸਪੈਠ ਕਰ ਰਹੀ ਹੈ ਅਤੇ ਟਿਕ-ਟੋਕ ਵਰਗੇ ਮਸ਼ਹੂਰ ਐਪਸ ਡਾਟਾ ਇੱਕਠਾ ਕਰਦੇ ਹਨ ਅਤੇ ਬਾਅਦ ਵਿਚ ਇਸ ਦੀ ਵਰਤੋ ਆਪਣੇ ਹਿੱਤਾ ਦੀ ਸੇਵਾ ਲਈ ਕਰਦੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਉਹ ਸਮਾਂ ਆ ਗਿਆ ਹੈ ਜਦੋਂ ਅਮਰੀਕੀ ਨਾਗਰਿਕਾਂ ਅਤੇ ਸੰਸਥਾਵਾਂ ਦੇ ਹਿੱਤਾ ਦੀ ਪੂਰੀ ਰੱਖਿਆ ਕੀਤੀ ਜਾਵੇ। ਰਿਪੋਰਟਾਂ ਦੀ ਮੰਨੀਏ ਤਾਂ ਵਾਇਟ ਹਾਊਸ ਨੇ ਬੁੱਧਵਾਰ ਨੂੰ ਸੰਕੇਤ ਦਿੱਤੇ ਕਿ ਟਿਕ-ਟੋਕ ਸਮੇਤ ਚੀਨੀ ਮੋਬਾਇਲ ਐਪਸ ਉੱਤੇ ਫੈਸਲਾ ਬਹੁਤ ਜਲਦੀ ਹੀ ਲਿਆ ਜਾ ਸਕਦਾ ਹੈ। ਵਾਇਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਕਾਰਵਾਈ ਲਈ ਖੁਦ ਤੋਂ ਸਮਾਂ-ਸੀਮਾ ਤੈਅ ਨਹੀਂ ਕੀਤੀ ਗਈ ਹੈ ਪਰ ਲੱਗਦਾ ਹੈ ਕਿ ਇਸ ਉੱਤੇ ਫੈਸਲਾ ਕੁੱਝ ਹਫਤਿਆਂ ਵਿਚ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਨੇ ਕਿਹਾ ਸੀ ਕਿ ਉਹ ਅਮਰੀਕਾ ਵਿਚ ਕਈ ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਦੀ ਦਿਸ਼ਾ ਵਿਚ ਜਰੂਰੀ ਕਦਮ ਚੁੱਕ ਰਿਹਾ ਹੈ।
