ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦਰਮਿਆਨ ਚੱਲ ਰਹੇ ਵਿਵਾਦ ਵਿਚਾਲੇ ਹੁਣ ਕਾਂਗਰਸ ਪਾਰਟੀ ਨੇ ਵੱਡਾ ਐਕਸ਼ਨ ਲੈਂਦਿਆਂ ਸਚਿਨ ਪਾਇਲਟ ਨੂੰ ਸੂਬਾ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਸਚਿਨ ਪਾਇਲਟ ਦੇ ਖੇਮੇ ਵਿਚ ਸ਼ੁਮਾਰ ਦੋ ਮੰਤਰੀਆਂ ਨੂੰ ਵੀ ਮੰਤਰੀ ਮੰਡਲ ਤੋਂ ਬਾਹਰ ਕੱਢਿਆ ਹੈ।
ਦਰਅਸਲ ਅੱਜ ਮੰਗਲਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਈ ਹੈ ਜਿਸ ਵਿਚ ਪਾਰਟੀ ਦੇ 102 ਵਿਧਾਇਕ ਸ਼ਾਮਲ ਹੋਏ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ ਪਾਇਲਟ ਨੂੰ ਪਾਰਟੀ ਤੋਂ ਕੱਢਣ ਉੱਤੇ ਆਪਣੀ ਸਹਿਮਤੀ ਜਤਾਈ ਅਤੇ ਅਸ਼ੋਕ ਗਹਿਲੋਤ ਨੂੰ ਆਪਣਾ ਨੇਤਾ ਮੰਨਿਆ ਜਿਸ ਤੋਂ ਬਾਅਦ ਪਾਰਟੀ ਨੇ ਸਚਿਨ ਪਾਇਲਟ ਨੂੰ ਉੱਪ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੇ ਅਹੁੱਦੇ ਤੋਂ ਲਾਂਬੇ ਕਰਦਿਆਂ ਗੋਵਿੰਦ ਸਿੰਘ ਡੋਟਸਾਰਾ ਨੂੰ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਸੌਪੀ ਹੈ। ਇਸ ਤੋਂ ਇਲਾਵਾ ਪਾਇਲਟ ਸਮੱਰਥਕ ਦੋ ਮੰਤਰੀਆਂ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨਾ ਦੀ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਹੈ। ਉੱਥੇ ਹੀ ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਹੈ ਕਿ ”ਭਾਰਤੀ ਜਨਤਾ ਪਾਰਟੀ ਨੇ ਇਕ ਸਾਜਿਸ਼ ਤਹਿਤ ਰਾਜਸਥਾਨ ਦੀ 8 ਕਰੋੜ ਜਨਤਾ ਦੇ ਸਨਮਾਨ ਨੂੰ ਚੁਣੋਤੀ ਦਿੱਤੀ ਹੈ ਅਤੇ ਕਾਂਗਰਸ ਦੀ ਸਰਕਾਰ ਗਿਰਾਉਣ ਦੀ ਸਾਜਿਸ਼ ਕੀਤੀ ਹੈ। ਭਾਜਪਾ ਨੇ ਧਨਬਲ ਅਤੇ ਸੱਤਾਬਲ ਤੋਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ”। ਸੂਰਜੇਵਾਲਾ ਨੇ ਅੱਗੇ ਕਿਹਾ ਕਿ ”ਸਚਿਨ ਪਾਇਲਟ ਭੰਬਲਭੂਸੇ ਵਿਚ ਪੈ ਗਏ, ਭਾਜਪਾ ਦੇ ਜਾਲ ਵਿਚ ਫਸ ਗਏ ਅਤੇ ਕਾਂਗਰਸ ਸਰਕਾਰ ਨੂੰ ਗਿਰਾਉਣ ਵਿਚ ਲੱਗ ਗਏ। ਪਿਛਲੇ 72 ਘੰਟਿਆਂ ਤੋਂ ਕਾਂਗਰਸ ਹਾਈ ਕਮਾਨ ਨੇ ਸਚਿਨ ਪਾਇਲਟ ਅਤੇ ਹੋਰ ਨੇਤਾਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਵੱਲੋਂ ਨਿਰੰਤਰ ਸਚਿਨ ਪਾਇਲਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਲਗਾਤਾਰ ਹਰ ਗੱਲ ਨੂੰ ਨਕਾਰਿਆ”। ਉੱਥੇ ਹੀ ਅਜੇ ਤੱਕ ਸਚਿਨ ਪਾਇਲ਼ਟ ਅਤੇ ਉਸ ਦੇ ਸਮੱਰਥਨ ਵਾਲੇ ਵਿਧਾਇਕਾਂ ਦੁਆਰਾ ਇਸ ਐਕਸ਼ਨ ਉੱਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
