ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਨਲਾਈਨ ਪ੍ਰੈਸ ਕਾਨਫੰਰਸ ਕਰਕੇ ਦਿੱਲੀ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਅਤੇ ਤਾਜ਼ਾ ਹਲਾਤਾਂ ਉੱਤੇ ਗੱਲਬਾਤ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ 74 ਹਜ਼ਾਰ ਕੋਰੋਨਾ ਦੇ ਕੇਸ ਹਨ ਜਿਨ੍ਹਾਂ ਵਿਚੋਂ 45 ਹਜ਼ਾਰ ਠੀਕ ਵੀ ਹੋ ਚੁੱਕੇ ਹਨ ਪਰ ਜੇਕਰ ਇਸ ਨੂੰ ਦੂਜੇ ਤਰੀਕੇ ਨਾਲ ਵੇਖੀਏ ਤਾਂ ਇਹ ਚਿੰਤਾ ਵਾਲੀ ਗੱਲ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸਥਿਤੀ ਕਾਬੂ ਵਿਚ ਹੈ।

ਕੇਜਰੀਵਾਲ ਨੇ ਕਿਹਾ ਕਿ ”ਦਿੱਲੀ ਵਿਚ ਕੋਰੋਨਾ ਟੈਸਟ ਦੀ ਸੰਖਿਆ ਨੂੰ ਤਿੱਗਣਾ ਕਰ ਦਿੱਤਾ ਗਿਆ ਹੈ, ਜਿਸ ਕਰਕੇ ਕੇਸ ਜ਼ਿਆਦਾ ਆ ਰਹੇ ਹਨ ਪਰ ਇਸ ਵੇਲੇ 26 ਹਜ਼ਾਰ ਕੋਰੋਨਾ ਦੇ ਮਰੀਜ਼ ਹਨ ਜਿਨ੍ਹਾਂ ਵਿਚੋਂ ਵੀ ਕੇਵਲ 6 ਹਜ਼ਾਰ ਹਸਪਤਾਲ ਵਿਚ ਭਰਤੀ ਹਨ ਅਤੇ ਅਜੇ ਵੀ 7500 ਬੈੱਡ ਹਸਪਤਾਲਾਂ ਵਿਚ ਖਾਲ੍ਹੀ ਹਨ”। ਉਨ੍ਹਾਂ ਨੇ ਕਿਹਾ ਕਿ ”ਰੋਜ਼ਾਨਾ 3 ਤੋਂ ਸਾਢੇ 3 ਹਜ਼ਾਰ ਕੇਸ ਆਉਣ ਦੇ ਬਾਵਜੂਦ ਵੀ ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ। ਫਿਲਹਾਲ ਸਾਡੇ ਕੋਲ ਕਾਫੀ ਪ੍ਰਬੰਧ ਹਨ ਪਰ ਸਾਨੂੰ ਆਈਸੀਯੂ ਬੈੱਡਾਂ ਦੀ ਲੋੜ ਹੈ ਜਿਸ ਲਈ ਅਸੀ ਤਿਆਰੀ ਕਰ ਰਹੇ ਹਾਂ ਅਤੇ ਬੈਕਂਵੇਟ ਹਾਲ ਵਿਚ ਬੈੱਡ ਵਧਾਏ ਜਾ ਰਹੇ ਹਨ। ਨਾਲ ਹੀ ਹਸਪਤਾਲਾਂ ਵਿਚ ਆਈਸੀਯੂ ਬੈਡਾਂ ਦੀ ਸੰਖਿਆਂ ਵਿਚ ਇਜ਼ਾਫਾ ਕੀਤਾ ਜਾ ਰਿਹਾ ਹੈ”। ਕੇਜਰੀਵਾਲ ਅਨੁਸਾਰ ”ਜਿਨ੍ਹਾਂ ਦਾ ਇਲਾਜ ਘਰ ਵਿਚ ਹੋ ਰਿਹਾ ਹੈ, ਉਨ੍ਹਾਂ ਨੂੰ ਅਸੀ ਆਕਸੀਮੀਟਰ ਦੇ ਰਹੇ ਹਾਂ। ਜੇਕਰ ਉਨ੍ਹਾਂ ਦਾ ਆਕਸੀਜਨ ਪੱਧਰ 94 ਤੋਂ ਘੱਟ ਹੁੰਦਾ ਹੈ ਤਾਂ ਤੁਰੰਤ ਸਾਨੂੰ ਸੂਚਿਤ ਕਰੋ ਅਤੇ ਸਾਡੀ ਟੀਮ ਆਕਸੀਜਨ ਦੀ ਪੂਰਤੀ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਵੇਗੀ”। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਦਿੱਲੀ ਨੂੰ 200 ਹੋਰ ਪਲਾਜ਼ਮਾ ਥੈਰੇਪੀ ਕਰਨ ਦੀ ਆਗਿਆ ਮਿਲ ਗਈ ਹੈ ਅਤੇ ਗੰਭੀਰ ਮਰੀਜ਼ਾਂ ਉੱਤੇ ਇਸ ਥੈਰੇਪੀ ਦੀ ਵਰਤੋ ਕੀਤੀ ਜਾਵੇਗੀ।
