ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰੱਖਿਆ ਵਿਭਾਗ ਨੇ ਆਪਣੀ ਇਕ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਪਾਕਿਸਤਾਨ ਹੁਣ ਵੀ ਅੱਤਵਾਦੀਆਂ ਦੇ ਲਈ ਸੁਰੱਖਿਅਤ ਟਿਕਾਣਾ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮੁੱਖੀ ਐਂਟੋਨੀਓ ਗੁਟਾਰੇਸ ਨੇ ਉਮੀਦ ਜਤਾਈ ਹੈ ਕਿ ਸਾਰੇ ਮੈਂਬਰ ਦੇਸ਼ ਸੁਰੱਖਿਆ ਪਰਿਸ਼ਦ ਦੇ ਮਤੇ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਗੇ।
ਮੀਡੀਆ ਰਿਪੋਰਟਾਂ ਅਨੁਸਾਰ ਇਕ ਪ੍ਰੈਸ ਕਾਨਫਰੰਸ ਦੌਰਾਨ ਐਂਟੋਨੀਓ ਗੁਟਾਰੇਸ ਨੇ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਹੈ ਕਿ ਉਹ ਅਮਰੀਕੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਉੱਤੇ ਟਿੱਪਣੀ ਨਹੀਂ ਕਰਨਗੇ ਪਰ ”ਸਿਧਾਂਤਕ ਤੌਰ ਉੱਤੇ ਅਸੀ ਸਾਰੇ ਮੈਂਬਰਾਂ ਤੋਂ ਸੁਰੱਖਿਆ ਪਰਿਸ਼ਦ ਦੇ ਮਤੇ ਜਾਂ ਸੁਰੱਖਿਆ ਪਰਿਸ਼ਦ ਦੇ ਫੈਸਲਿਆਂ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਨ”। ਦਰਅਸਲ ਬੁੱਧਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਨੇ ਅੱਤਵਾਦ ਉੱਤੇ ਇਕ ਰਿਪੋਰਟ ਜਾਰੀ ਕਰਕੇ ਕਿਹਾ ਹੈ ਕਿ ਪਾਕਿਸਤਾਨ ਖੇਤਰੀ ਤੌਰ ‘ਤੇ ਕੇਂਦ੍ਰਿਤ ਅੱਤਵਾਦੀ ਸਮੂਹਾਂ ਲਈ ਇਕ ਸੁਰੱਖਿਅਤ ਪਨਾਹ ਬਣਿਆ ਹੋਇਆ ਹੈ। ਪਾਕਿਸਤਾਨ ਨੇ ਅੱਤਵਾਦ ਦੇ ਵਿੱਤ ਨੂੰ ਰੋਕਣ ਲਈ ਸਾਲ 2019 ਵਿਚ ਮਾਮੂਲੀ ਕਦਮ ਚੁੱਕੇ ਸਨ ਪਰ ਫਰਵਰੀ ਵਿਚ ਭਾਰਤ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਡੇ ਪੱਧਰ ਉੱਤੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਸੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਕੁੱਝ ਬਾਹਰੀ ਰੂਪ ਨਾਲ ਕੇਂਦ੍ਰਿਤ ਅੱਤਵਾਦੀ ਗਰੁੱਪਾਂ,ਜਿਵੇਂ ਲਸ਼ਕਰ-ਏ-ਤੋਇਬਾ ਦੇ ਮੁੱਖੀ ਹਾਫਿਜ ਸਈਦ ਵਿਰੁੱਧ ਕਾਰਵਾਈ ਕੀਤੀ ਪਰ ਗਲੋਬਲ ਅੱਤਵਾਦੀ ਮਸੂਦ ਅਜ਼ਹਰ ਵਿਰੁੱਧ ਕੁੱਝ ਨਹੀਂ ਕੀਤਾ ਗਿਆ ਹੈ।ਇਸ ਤੋਂ ਇਲਾਵਾ 2008 ਵਿਚ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਪ੍ਰੋਜੈਕਟ ਮੈਨੇਜਰ ਅਤੇ ਆਰੋਪੀ ਸਾਜਿਦ ਮੀਰ ਖਿਲਾਫ ਵੀ ਕਿਸੇ ਤਰ੍ਹਾ ਦੀ ਕਾਰਵਾਈ ਨਹੀਂ ਕੀਤੀ ਗਈ ਹੈ।

