ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਭਰ ਵਿਚ ਲੋਕਾਂ ਦੀ ਜਾਨ ਲੈ ਰਹੀ ਹੈ। ਭਾਰਤ ਸਮੇਤ ਵਿਸ਼ਵ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਬਣਾਉਣ ਵਿਚ ਜੁੱਟੇ ਹੋਏ ਹਨ ਪਰ ਉੱਥੇ ਹੀ ਹੁਣ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਦੀ ਦਵਾਈ ਤਿਆਰ ਕਰ ਲਈ ਹੈ। ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਪਤੰਜਲੀ ਨੇ ਕੋਰੋਨਾ ਨੂੰ ਮਾਤ ਦੇਣ ਵਾਲੀ ਆਯੁਰਵੈਦਿਕ ਦਵਾਈ ਬਣਾ ਲਈ ਹੈ ਜਿਸ ਦਾ ਨਾਮ ਕੋਰੋਨਿਲ ਰੱਖਿਆ ਗਿਆ ਹੈ।
ਪੱਤਰਕਾਰ ਵਾਰਤਾ ਦੌਰਾਨ ਬਾਬਾ ਰਾਮਦੇਵ ਨੇ ਦੱਸਿਆ ਕਿ ”ਦੁਨੀਆ ਨੂੰ ਕੋਰੋਨਾ ਵਾਇਰਸ ਦੀ ਦਵਾਈ ਆਉਣ ਦਾ ਇੰਤਜ਼ਾਰ ਸੀ ਅਤੇ ਅੱਜ ਸਾਨੂੰ ਮਾਨ ਹੈ ਕਿ ਇਸ ਵਾਇਰਸ ਦੀ ਪਹਿਲੀ ਆਯੁਰਵੈਦਿਕ ਦਵਾਈ ਅਸੀ ਤਿਆਰ ਕਰ ਲਈ ਹੈ, ਅੱਜ ਐਲੋਪੈਥਿਕ ਸਿਸਟਮ ਮੈਡੀਸਨ ਨੂੰ ਲੀਡ ਕਰ ਰਿਹਾ ਹੈ, ਅਸੀ ਕੋਰੋਨਿਲ ਬਣਾਈ ਹੈ”। ਉਨ੍ਹਾਂ ਨੇ ਕਿਹਾ ਕਿ ”ਇਸ ਦਵਾਈ ਵਿਚ ਅਸੀ ਕਲੀਨਿਕਲ ਕੰਟਰੋਲ ਸਟੱਡੀ ਕੀਤੀ, 100 ਲੋਕਾਂ ਉੱਤੇ ਇਸ ਦਾ ਟੈਸਟ ਕੀਤਾ ਗਿਆ ਅਤੇ ਤਿੰਨ ਦਿਨਾਂ ਅੰਦਰ 65 ਫੀਸਦੀ ਰੋਗੀ ਪਾਜ਼ੀਟਿਵ ਤੋਂ ਨੈਗੇਟਿਵ ਹੋ ਗਏ। ਜਦਕਿ ਸੱਤ ਦਿਨਾਂ ਵਿਚ 100 ਫੀਸਦੀ ਮਰੀਜ਼ ਸਿਹਤਯਾਬ ਹੋਏ ਹਨ”। ਬਾਬਾ ਰਾਮਦੇਵ ਨੇ ਕਿਹਾ ਹੈ ਕਿ ”ਅਸੀ ਪੂਰੀ ਰਿਸਰਚ ਨਾਲ ਇਸ ਨੂੰ ਤਿਆਰ ਕੀਤਾ ਹੈ। ਸਾਡੀ ਦਵਾਈ ਦਾ 100 ਫੀਸਦੀ ਰਿਕਵਰੀ ਰੇਟ ਹੈ ਅਤੇ ਜ਼ੀਰੋ ਪ੍ਰਤੀਸ਼ਤ ਮੌਤ ਦਰ ਹੈ”। ਰਾਮਦੇਵ ਅਨੁਸਾਰ ”ਚਾਹੇ ਲੋਕ ਅਜੇ ਸਾਡੇ ਇਸ ਦਾਅਵੇ ਉੱਤੇ ਸਵਾਲ ਕਰਨ ਪਰ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ ਅਤੇ ਅਸੀ ਸਾਰੇ ਵਿਗਿਆਨਿਕ ਨਿਯਮਾਂ ਦੀ ਪਾਲਣਾ ਕੀਤੀ ਹੈ”। ਰਾਮਦੇਵ ਨੇ ਅੱਗੇ ਕਿਹਾ ਕਿ ”ਦਵਾਈ ਬਣਾਉਣ ਵਿਚ ਕੇਵਲ ਦੇਸੀ ਸਮਾਨ ਦੀ ਵਰਤੋ ਕੀਤੀ ਗਈ ਹੈ ਜਿਸ ਵਿਚ ਮੁਲੈਠੀ, ਕਾੜਾ, ਗਿਲੋਏ, ਅਸ਼ਵਗੰਧਾ, ਤੁਲਸੀਸ ਅਤੇ ਸੰਸਾਰੀ ਦਾ ਇਸਤਮਾਲ ਕੀਤਾ ਗਿਆ ਹੈ”। ਰਾਮਦੇਵ ਦਾ ਕਹਿਣਾ ਹੈ ਕਿ ਆਯੂਰਵੇਦ ਤੋਂ ਬਣੀ ਇਸ ਦਵਾਈ ਨੂੰ ਅਗਲੇ ਸੱਤ ਦਿਨਾਂ ਵਿਚ ਪਤੰਜਲੀ ਦੇ ਸਟੋਰ ਤੋਂ ਲਿਆ ਜਾ ਸਕਦਾ ਹੈ, ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤਾ ਜਾਵੇਗਾ, ਜਿਸ ਦੀ ਮਦਦ ਨਾਲ ਇਹ ਦਵਾਈ ਘਰ ਉੱਤੇ ਪਹੁੰਚਾਈ ਜਾਵੇਗੀ।

