ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਭਾਰਤ ਦੇ ਕੁੱਲ 20 ਜਵਾਨ ਸ਼ਹੀਦ ਹੋ ਗਏ ਸਨ। ਸ਼ਹਾਦਤ ਪਾਉਣ ਵਾਲੇ ਇਨ੍ਹਾਂ 20 ਜਵਾਨਾਂ ਵਿਚ ਪੰਜਾਬ ਦੇ ਵੀ 4 ਜਵਾਨ ਸ਼ਾਮਲ ਸਨ, ਜਿਨ੍ਹਾਂ ਵਿਚੋਂ 2 ਜਵਾਨਾਂ ਦਾ ਬੀਤੇ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਜਦਕਿ 2 ਜਵਾਨ ਸ਼ਹੀਦ ਗੁਰਬਿੰਦਰ ਸਿੰਘ ਤੇ ਸ਼ਹੀਦ ਗੁਰਤੇਜ ਸਿੰਘ ਨੂੰ ਅੱਜ ਸ਼ੁੱਕਰਵਾਰ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ।
ਸ਼ਹੀਦ ਗੁਰਤੇਜ ਸਿੰਘ, ਸ਼ਹੀਦ ਗੁਰਬਿੰਦ ਸਿੰਘ ਅਤੇ ਸ਼ਹੀਦ ਅੰਕੁਸ਼ ਜੋ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਦੀਆਂ ਮ੍ਰਿਤਕਾਂ ਦੇਹਾਂ ਅੱਜ ਸੱਭ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਉੱਤੇ ਲਿਆਂਦੀ ਗਈਆਂ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਤਿੰਨਾਂ ਸ਼ਹੀਦਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਪਿੰਡਾਂ ਵੱਲ ਨੂੰ ਰਵਾਨਾ ਕਰ ਦਿੱਤੇ ਗਏ। ਸ਼ਹੀਦ ਗੁਰਬਿੰਦਰ ਸਿੰਘ ਦੀ ਦੇਹ ਜਦੋਂ ਸੰਗਰੂਰ ਅਧੀਨ ਪੈਂਦੇ ਉਸਦੇ ਤੋਲਾਵਾਲ ਪਿੰਡ ਪਹੁੰਚੀ ਤਾਂ ਹਰ ਇਕ ਦੀਆਂ ਅੱਖਾਂ ਨਮ ਹੋ ਗਈਆਂ। ਉੱਥੇ ਮੌਜੂਦ ਲੋਕਾਂ ਦੁਆਰਾ ਸ਼ਹੀਦ ਗੁਰਬਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਗੁਰਬਿੰਦਰ ਸਿੰਘ ਦੇ ਪੂਰੇ ਪਰਿਵਾਰ ਨੇ ਆਪਣੇ ਜਾਬਾਜ਼ ਪੁੱਤਰ ਦੀ ਸ਼ਹਾਦਤ ਨੂੰ ਸਲਾਮ ਕੀਤਾ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਸਮੇਤ ਕਈ ਰਾਜਨੀਤਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਿਸ ਤੋਂ ਬਾਅਦ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹ ਸਾਲ 2018 ਵਿਚ ਹੀ ਫੌਜ ਵਿਚ ਭਰਤੀ ਹੋਏ ਸਨ ਅਤੇ ਜਦੋਂ ਉਹ ਆਖਰੀ ਵਾਰ ਛੁੱਟੀ ‘ਤੇ ਘਰ ਆਏ ਸਨ ਤਾਂ ਉਨ੍ਹਾਂ ਦੀ ਮੰਗਣੀ ਕੀਤੀ ਗਈ ਸੀ ਪਰ ਹੁਣ ਉਹ ਆਪਣੇ ਪਰਿਵਾਰ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਹਨ।
ਉੱਥੇ ਹੀ ਸ਼ਹੀਦ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਵੀ ਮਾਨਸਾ ਵਿਚ ਉਸ ਦੇ ਜੱਦੀ ਪਿੰਡ ਬੀਰੇ ਵਾਲਾ ਡੋਗਰਾ ਲਿਆਂਦਾ ਗਿਆ, ਜਿੱਥੇ ਉਸ ਦੇ ਪੂਰੇ ਪਰਿਵਾਰ ਨੇ ਆਪਣੇ ਸ਼ਹੀਦ ਸੂਰਬੀਰ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਕੈਬਨਿਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਗੁਰਤੇਜ ਦੀ ਸ਼ਹਾਦਤ ਨੂੰ ਸਲਾਮ ਕੀਤਾ। ਇਸ ਤੋਂ ਬਾਅਦ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਸ਼ਹੀਦ ਗੁਰਤੇਜ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਗੁਰਤੇਜ ਸਿੰਘ ਦੀ ਉੱਮਰ ਕੇਵਲ 22 ਸਾਲ ਸੀ। ਉਹ ਥੋੜੇ ਸਮੇਂ ਪਹਿਲਾਂ ਹੀ ਫੌਜ ਵਿਚ ਭਰਤੀ ਹੋਏ ਸਨ ਅਤੇ ਛੁੱਟੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਨਹੀਂ ਮਿਲਿਆ ਸੀ।

