ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦੀ ਚਪੇਟ ਵਿਚ ਆਏ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜ ਗਈ ਹੈ। ਸਤੇਂਦਰ ਜੈਨ ਨੂੰ ਸਾਂਹ ਲੈਣ ਵਿਚ ਪਰੇਸ਼ਾਨੀ ਆ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਬੁੱਧਵਾਰ ਰਾਤ ਨੂੰ ਸਿਹਤ ਮੰਤਰੀ ਸਤੇਂਦਰ ਜੈਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।
ਜਾਣਕਾਰੀ ਮੁਤਾਬਕ ਸਤੇਂਦਰ ਜੈਨ ਦੇ ਫੇਫੜਿਆਂ ਵਿਚ ਅੱਜ ਸੰਕਰਮਨ ਵੱਧ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਾਂਹ ਲੈਣ ਵਿਚ ਪਰੇਸ਼ਾਨੀ ਆਉਣ ਲੱਗੀ ਹੈ ਜਿਸ ਕਰਕੇ ਉਨ੍ਹਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਇਲਾਜ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਚੱਲ ਰਿਹਾ ਸੀ ਪਰ ਹੁਣ ਉਨ੍ਹਾਂ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ ਜਿੱਥੇ ਸਤੇਂਦਰ ਜੈਨ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੈ ਪਰ ਅੱਜ ਫਿਰ ਉਨ੍ਹਾਂ ਦਾ ਹਾਲਤ ਵਿਗੜ ਗਈ ਹੈ। ਦੱਸ ਦਈਏ ਕਿ ਸੋਮਵਾਰ ਰਾਤ ਨੂੰ ਉਹ ਤੇਜ਼ ਬੁਖਾਰ ਅਤੇ ਸਾਂਹ ਲੈਣ ਵਿਚ ਹੋ ਰਹੀ ਪਰੇਸ਼ਾਨੀ ਕਰਕੇ ਹਸਪਤਾਲ ਵਿਚ ਦਾਖਲ ਹੋਏ ਸਨ। ਉਨ੍ਹਾਂ ਦੀ ਪਹਿਲੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਸੀ ਪਰ ਦੂਜੀ ਵਾਰੀ ਕੀਤੀ ਜਾਂਚ ਦੌਰਾਨ ਉਹ ਕੋਰੋਨਾ ਪੀੜਤ ਪਾਏ ਗਏ ਸਨ। ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਐਤਵਾਰ ਨੂੰ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਕੋਰੋਨਾ ਸੰਕਟ ਉੱਤੇ ਬੁਲਾਈ ਬੈਠਕ ਵਿਚ ਸ਼ਾਮਲ ਹੋਏ ਸਨ। ਇਸ ਬੈਠਕ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਸਮੇਤ ਕਈ ਵੱਡੇ ਅਧਿਕਾਰੀ ਵੀ ਮੌਜੂਦ ਸਨ। ਉੱਥੇ ਹੀ ਸਤੇਂਦਰ ਜੈਨ ਦਾ ਸਿਹਤ ਵਿਭਾਗ ਇਸ ਵੇਲੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੰਭਾਲ ਰਹੇ ਹਨ।

