ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਉੱਤੇ ਚਰਚਾ ਕਰਨ ਲਈ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਸਮੇਤ ਸਾਰੇ ਮੁੱਖ ਮੰਤਰੀਆਂ ਨੇ 2 ਮਿੰਟ ਦਾ ਮੋਨ ਰੱਖ ਕੇ ਲੱਦਾਖ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਸਾਡੇ ਸੈਨਿਕ ਮਾਰਦੇ-ਮਾਰਦੇ ਹੋਏ ਮਰੇ ਹਨ ਅਤੇ ਉਨ੍ਹਾਂ ਦਾ ਬਲਿਦਾਨ ਵਿਅਰਥ ਨਹੀਂ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ”ਅਸੀ ਕਿਸੇ ਨੂੰ ਕਦੇ ਉਕਸਾਉਂਦੇ ਨਹੀਂ ਹਨ ਪਰ ਆਪਣੀ ਪ੍ਰਭੂਸਤਾ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਵੀ ਨਹੀਂ ਕਰਦੇ ਹਨ। ਜਦੋਂ ਵੀ ਸਮਾਂ ਆਇਆ ਹੈ ਅਸੀ ਦੇਸ਼ ਦੀ ਅਖੰਡਤਾ ਤੇ ਪ੍ਰਭੂਸਤਾ ਦੀ ਰੱਖਿਆ ਕਰਨ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰ, ਆਪਣੀ ਯੋਗਤਾਵਾਂ ਨੂੰ ਸਾਬਿਤ ਕੀਤਾ ਹੈ”। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਮੈ ਦੇਸ਼ ਨੂੰ ਭਰੋਸਾ ਦਿਲਵਾਉਣਾ ਚਾਹੁੰਦਾ ਹਾਂ ਕਿ ਸਾਡੇ ਜਵਾਨਾਂ ਦਾ ਬਲਿਦਾਨ ਵਿਅਰਥ ਨਹੀਂ ਜਾਵੇਗਾ। ਸਾਡੇ ਲਈ ਭਾਰਤ ਦੀ ਅਖੰਡਤਾ ਅਤੇ ਪ੍ਰਭੂਸਤਾ ਸੱਭ ਤੋਂ ਪਹਿਲਾਂ ਹੈ ਅਤੇ ਇਸ ਦੀ ਰੱਖਿਆ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਉਕਸਾਉਨ ਉੱਤੇ ਜਵਾਬ ਦੇਣਾ ਵੀ ਜਾਣਦਾ ਹੈ। ਦੇਸ਼ ਨੂੰ ਇਸ ਗੱਲ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਜਵਾਨਾਂ ਨੇ ਮਾਰਦੇ-ਮਾਰਦੇ ਜਾਨ ਗਵਾਈ ਹੈ”।
ਪੀਐਮ ਮੋਦੀ ਅਨੁਸਾਰ ”ਪੂਰਾ ਦੇਸ਼ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲਿਦਾਨ ਦਿੱਤਾ ਹੈ। ਭਾਰਤ ਆਪਣੇ ਆਤਮ ਸਨਮਾਨ ਅਤੇ ਹਰ ਇਕ ਇੰਚ ਜ਼ਮੀਨ ਦੀ ਰੱਖਿਆ ਕਰੇਗਾ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਅਸੀ ਵਿਸ਼ਵ ਵਿਚ ਸ਼ਾਂਤੀ ਫੈਲਾਈ, ਗੁਆਂਢੀਆਂ ਦੇ ਨਾਲ ਦੋਸਤਾਨਾ ਤਰੀਕੇ ਨਾਲ ਕੰਮ ਕੀਤਾ। ਹਮੇਸ਼ਾ ਉਨ੍ਹਾਂ ਦੇ ਵਿਕਾਸ ਅਤੇ ਕਲਿਆਣ ਦੀ ਕਾਮਨਾ ਕੀਤੀ ਹੈ”।

