ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਅੱਜ ਵੀਰਵਾਰ ਨੂੰ ਲਗਾਤਾਰ ਪੰਜਵੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਦਰਅਸਲ ਤੇਲ ਕੰਪਨੀਆਂ ਦੁਆਰਾ ਡੀਜ਼ਲ ਅਤੇ ਪੈਟਰੋਲ 60-60 ਪੈਸੇ ਮਹਿੰਗਾ ਕੀਤਾ ਗਿਆ ਹੈ। ਇਸ ਤਰ੍ਹਾ ਪੰਜ ਦਿਨਾਂ ਵਿਚ ਤੇਲ ਦੀਆਂ ਕੀਮਤਾਂ ਢਾਈ ਰੁਪਏ ਤੋਂ ਵੀ ਜ਼ਿਆਦਾ ਵੱਧ ਚੁੱਕੀਆਂ ਹਨ।
ਤੇਲ ਦੇ ਭਾਅ ਵੱਧਣ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 73.40 ਰੁਪਏ ਤੋਂ ਵੱਧ ਕੇ 74 ਰੁਪਏ ਅਤੇ ਡੀਜ਼ਲ ਦੀ ਕੀਮਤ 71.62 ਰੁਪਏ ਤੋਂ ਵੱਧ ਕੇ 72.22 ਰੁਪਏ ਹੋ ਗਈ ਹੈ। ਇਸੇ ਤਰ੍ਹਾ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ ਦੇ ਭਾਅ 80.98 ਰੁਪਏ ਅਤੇ ਡੀਜ਼ਲ ਦੀ ਕੀਮਤ 70.92 ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਚੇਨੰਈ ਵਿਚ ਪੈਟਰੋਲ ਦਾ ਭਾਅ 60 ਪੈਸੇ ਦੇ ਇਜ਼ਾਫੇ ਨਾਲ 77.96 ਰੁਪਏ ਅਤੇ ਡੀਜ਼ਲ ਦਾ ਭਾਅ 70.64 ਰੁਪਏ ਹੋ ਗਿਆ ਹੈ। ਲਾਕਡਾਊਨ ਖਤਮ ਹੋਣ ਅਤੇ ਅਨਲਾਕ-1 ਸ਼ੁਰੂ ਹੋਣ ਮਗਰੋਂ ਆਵਾਜਾਈ ਵੱਧਣ ਕਰਕੇ ਡੀਜ਼ਲ ਅਤੇ ਪੈਟਰੋਲ ਦੀ ਮੰਗ ਅਚਾਨਕ ਕਾਫੀ ਵੱਧ ਗਈ ਹੈ।
ਦੱਸ ਦਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੇ ਭਾਅ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕਰ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ। ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਇਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਮਗਰੋਂ ਇਸ ਦਾ ਭਾਅ ਲਗਭਗ ਦੁਗਣਾ ਹੋ ਜਾਂਦਾ ਹੈ।

