ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਸੰਕਰਮਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਹੁਣ ਤੱਕ 27 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 700 ਤੋਂ ਜ਼ਿਆਦਾ ਜਾਨਾਂ ਜਾਂ ਚੁੱਕੀਆਂ ਹਨ ਪਰ ਇਸੇ ਵਿਚਾਲੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਅਤੇ ਸਿਹਤ ਪ੍ਰਣਾਲੀ ਦੀ ਸਮੀਖਿਆ ਲਈ ਦਿੱਲੀ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਵਿਚ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਦਿੱਲੀ ਵਿਚ ਜੂਨ ਦੇ ਅੰਤ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ 1 ਲੱਖ ਤੱਕ ਪਹੁੰਚ ਸਕਦੀ ਹੈ।
ਕਮੇਟੀ ਦੇ ਮੁੱਖੀ ਡਾਕਟਰ ਮਹੇਸ਼ ਸ਼ਰਮਾ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਹੈ ਕਿ ”ਅਸੀ ਅਹਿਮਦਾਬਾਦ, ਮੁੰਬਈ, ਚੇਨੰਈ ਵਰਗੇ ਹੋਰ ਸ਼ਹਿਰਾਂ ਦੇ ਰੁਝਾਨਾਂ ਦਾ ਅਧਿਐਨ ਕੀਤਾ ਹੈ। ਸਾਡੀ ਗਣਨਾ ਅਨੁਸਾਰ ਜੂਨ ਦੇ ਅਖੀਰ ਤੱਕ ਦਿੱਲੀ ਵਿਚ ਇਕ ਲੱਖ ਤੋਂ ਵੱਧ ਕੇਸ ਹੋ ਸਕਦੇ ਹਨ”। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਦਿੱਲੀ ਵਿਚ 15 ਦਿਨਾਂ ਅੰਦਰ ਕੇਸ ਦੁੱਗਣੇ ਹੋ ਰਹੇ ਹਨ ਜਿਸ ਕਰਕੇ ਦਿੱਲੀ ਵਿਚ ਕੁੱਝ ਦਿਨਾਂ ਅੰਦਰ 15 ਹਜ਼ਾਰ ਬੈੱਡਾਂ ਦੀ ਲੋੜ ਪੈ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਜਿਸ ਗਤੀ ਨਾਲ ਕੋਰੋਨਾ ਫੈਲ ਰਿਹਾ ਹੈ ਉਸ ਨੂੰ ਵੇਖਦੇ ਹੋਏ 15 ਜੁਲਾਈ ਤੱਕ 42 ਹਜ਼ਾਰ ਬੈੱਡਾਂ ਦੀ ਜ਼ਰੂਰਤ ਹੋਵੇਗੀ। ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਰਾਜਧਾਨੀ ਦੇ ਸਿਹਤ ਢਾਂਚੇ ਦੀ ਵਰਤੋਂ ਕੇਵਲ ਦਿੱਲੀ ਵਾਸੀਆਂ ਦੇ ਇਲਾਜ ਵਿਚ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਦਿੱਲੀ ਦਾ ਸਿਹਤ ਢਾਂਚਾ ਬਾਹਰੀ ਲੋਕਾਂ ਲਈ ਖੋਲ੍ਹਿਆ ਗਿਆ ਤਾਂ ਮਹਿਜ਼ ਤਿੰਨ ਦਿਨਾਂ ਵਿਚ ਸਾਰੇ ਬੈੱਡ ਭਰ ਸਕਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਕਮੇਟੀ ਨੂੰ ਰਾਸ਼ਟਰੀ ਰਾਜਧਾਨੀ ਵਿਚ ਸਿਹਤ ਢਾਂਚੇ ਅਤੇ ਕੋਵਿਡ-19 ਨਾਲ ਨਜਿੱਠਣ ਵਿਚ ਹਸਪਤਾਲਾਂ ਦੀ ਤਿਆਰੀ ਉੱਤੇ ਸੁਝਾਅ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਕਮੇਟੀ ਨੇ ਆਪਣੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਹੈ ਇਸ ਉੱਤੇ ਫੈਸਲਾ ਕੇਜਰੀਵਾਲ ਸਰਕਾਰ ਨੂੰ ਲੈਣਾ ਹੈ।

