ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਗਲੇ ਸਾਲ ਫਰਵਰੀ ਮਹੀਨੇ ’ਚ ਹੋਣਗੀਆਂ। ਇਸ ਲਈ ਸੂਬੇ ’ਚ ਵੋਟ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਚਐੱਸ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 30 ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਸਿੱਖ ਭਾਈਚਾਰੇ ਦੀ ਆਬਾਦੀ ਦੇ ਆਧਾਰ ’ਤੇ ਸੂਬੇ ’ਚ 40 ਵਾਰਡ ਬਣਾਏ ਗਏ ਹਨ। ਇਨ੍ਹਾਂ ’ਚੋਂ ਕਰਨਾਲ, ਕੁਰੂਕਸ਼ੇਤਰ, ਅੰਬਾਲਾ ਤੇ ਸਿਰਸਾ ਲੋਕ ਸਭਾ ਸੀਟਾਂ ਦੀਆਂ ਤਿੰਨ ਦਰਜਨ ਵਿਧਾਨ ਸਭਾ ਸੀਟਾਂ ’ਤੇ ਸਿੱਖ ਵੋਟਰ ਕਿਸੇ ਵੀ ਪਾਰਟੀ ਦੀ ਹਾਰ-ਜਿੱਤ ’ਚ ਫ਼ੈਸਲਾਕੁੰਨ ਭੂਮਿਕਾ ਨਿਭਾਉਂਦੇ ਰਹੇ ਹਨ।
ਵੋਟਰ ਸੂਚੀ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇ ਜ਼ਰੂਰਤ ਪਈ ਤਾਂ ਨਵੇਂ ਵੋਟ ਬਣਾਉਣ ਦੀ ਮਿਆਦ 30 ਸਤੰਬਰ ਤੋਂ ਬਾਅਦ ਕੁਝ ਦਿਨਾਂ ਲਈ ਵਧਾਈ ਜਾ ਸਕਦੀ ਹੈ। ਵੋਟ ਬਣਨ ਤੋਂ ਬਾਅਦ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਦਾ ਪ੍ਰੋਗਰਾਮ ਐਲਾਨਿਆ ਜਾਵੇਗਾ।
