ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਅਮਰੀਕਾ ਵਿਚ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਕਈ ਥਾਵਾਂ ਉੱਤੇ ਹਿੰਸਕ ਰੂਪ ਲੈ ਲਿਆ ਹੈ। ਦਰਅਸਲ ਰੋਸ ਮੁਜ਼ਹਾਰੇ ਕਰ ਰਹੀ ਭੀੜ ਹੁਣ ਲੁੱਟ-ਖੋਹ, ਦੰਗੇ ਅਤੇ ਅੱਗਜ਼ਨੀ ਕਰਨ ਉੱਤੇ ਉੱਤਰ ਆਈ ਹੈ। ਇੰਨਾ ਹੀ ਨਹੀਂ ਐਤਵਾਰ ਰਾਤ ਨੂੰ ਤਾਂ ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਦੇ ਬਾਹਰ ਵੀ ਪੱਥਰਬਾਜੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਸਾਕਾਰੀਆਂ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਵਿਚ ਫੌਜ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ”ਐਤਵਾਰ ਰਾਤ ਵਾਸ਼ਿੰਗਟਨ ਡੀ.ਸੀ. ਵਿਚ ਜੋ ਕੁੱਝ ਹੋਇਆ ਉਹ ਸਹੀ ਨਹੀ ਸੀ। ਮੈ ਦੰਗੇ ਅੱਗਜ਼ਨੀ, ਲੁੱਟ-ਖੋਹ, ਮਾਸੂਮ ਲੋਕਾਂ ਉੱਤੇ ਹਮਲੇ ਦੀਆਂ ਘਟਨਾਵਾਂ ਰੋਕਣ ਲਈ ਹਜ਼ਾਰਾਂ ਸੈਨਿਕ ਅਤੇ ਸੁਰੱਖਿਆ ਬਲਾਂ ਨੂੰ ਉਤਾਰ ਰਿਹਾ ਹਾਂ”।ਟਰੰਪ ਨੇ ਕਿਹਾ ਕਿ ”ਜੋਰਜ ਫਲਾਈਡ ਦੀ ਹੱਤਿਆਂ ਤੋਂ ਅਮਰੀਕਾ ਦੇ ਲੋਕ ਵੀ ਦੁਖੀ ਹਨ। ਜੋਰਜ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ ਪਰ ਰਾਸ਼ਟਰਪਤੀ ਦੇ ਰੂਪ ਵਿਚ ਮੇਰੀ ਪਹਿਲੀ ਅਤੇ ਸੱਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ ਮਹਾਨ ਦੇਸ਼ ਅਤੇ ਅਮਰੀਕੀ ਲੋਕਾਂ ਦੀ ਰੱਖਿਆ ਕਰਨਾ ਹੈ। ਮੈ ਆਪਣੇ ਦੇਸ਼ ਦੇ ਕਾਨੂੰਨ ਨੂੰ ਸੱਭ ਤੋਂ ਉੱਪਰ ਰੱਖਣ ਦੀ ਸੁੰਹ ਚੁੱਕੀ ਸੀ ਅਤੇ ਹੁਣ ਮੈ ਉਹੀਂ ਕਰਾਂਗਾ”। ਜ਼ਿਕਰਯੋਗ ਹੈ ਕਿ 25 ਮਈ ਨੂੰ ਮਿਨੇਸੋਟਾ ਵਿਚ ਕਾਲੇ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਨੂੰ ਕੇਵਲ 20 ਡਾਲਰ ਦੇ ਨਕਲੀ ਨੋਟ ਚਲਾਉਣ ਦੇ ਆਰੋਪ ਵਿਚ ਫੜਿਆ ਸੀ ਅਤੇ ਇਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਨੂੰ ਪੈਰ ਨਾਲ ਉਦੋਂ ਤੱਕ ਦਬਾ ਕੇ ਰੱਖਿਆ ਸੀ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਦੇ ਲੋਕਾਂ ਵਿਚ ਨਸਲੀ ਭੇਦਭਾਵ ਅਤੇ ਪੁਲਿਸ ਦੀ ਬਰਬਤਾ ਨੂੰ ਲੈ ਕੇ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਨਾ ਸਿਰਫ ਅਸ਼ਵੇਤ(ਕਾਲੇ) ਸਮੁਦਾਏ ਦੇ ਲੋਕ ਬਲਕਿ ਗੋਰੇ ਲੋਕ ਵੀ ਇਸ ਪ੍ਰਦਰਸ਼ਨ ਨੂੰ ਲੈ ਕੇ ਸੜਕਾਂ ਉੱਤੇ ਹਨ। ਦੇਸ਼ ਦੇ ਕਈ ਸੂਬਿਆਂ ਵਿਚ ਵੱਡੇ ਪੱਧਰ ਉੱਤੇ ਹਿੰਸਾ ਹੋ ਰਹੀ ਹੈ ਜਿਸ ਕਰੇਕ ਕਰਫਿਊ ਵੀ ਲਗਾਇਆ ਗਿਆ ਹੈ ਪਰ ਬਾਵਜੂਦ ਇਸ ਦੇ ਇਹ ਹਿੰਸਕ ਪ੍ਰਦਰਸ਼ਨ ਥੱਮਣ ਦਾ ਨਾਮ ਨਹੀਂ ਲੈ ਰਹੇ। ਵਾਈਟ ਹਾਊਸ ਦੇ ਬਾਹਰ ਵੀ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਰਾਤ ਨੂੰ ਪ੍ਰਦਰਸ਼ਨ ਅਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਕਰ ਵਿਚ ਲਿਜਾਇਆ ਗਿਆ ਹਾਲਾਂਕਿ ਹੁਣ ਉਹ ਬੰਕਰ ਤੋਂ ਬਾਹਰ ਆ ਚੁੱਕੇ ਹਨ।
