ਮਾਨਸਾ: ਨਸ਼ਿਆਂ ਖ਼ਿਲਾਫ਼ ਡਟਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੁਕਤਸਰ ਦੀ ਜੇਲ੍ਹ ’ਚੋਂ ਅੱਜ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਸ ਦੀ ਰਿਹਾਈ ’ਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਨੇ ਲੋਕ ਸੰਘਰਸ਼ ਅਤੇ ਏਕਤਾ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਹ ਲਗਪਗ ਦੋ ਮਹੀਨਿਆਂ ਤੋਂ ਜੇਲ੍ਹ ’ਚ ਨਜ਼ਰਬੰਦ ਸੀ ਅਤੇ ਉਸੇ ਦਿਨ ਤੋਂ ਹੀ ਥਾਣਾ ਸਿਟੀ-2 ਸਾਹਮਣੇ ਜਥੇਬੰਦਕ ਧਿਰਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ।
ਪਰਵਿੰਦਰ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਆਪਣੇ ਪੁੱਤ ਦੀ ਰਿਹਾਈ ਨੂੰ ਲੋਕ ਏਕੇ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਉਸ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਨਸ਼ਾ ਰੋਕੂ ਮੁਹਿੰਮ ਮਜ਼ਬੂਤ ਹੋਣ ਦਾ ਦਾਅਵਾ ਕੀਤਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (ਮੀਡੀਆ) ਮਨਜੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਐੱਸਐੱਸਪੀ ਡਾ. ਨਾਨਕ ਸਿੰਘ ਦੀ ਮੌਜੂਦਗੀ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਪਰਵਿੰਦਰ ਦੀ ਛੇਤੀ ਰਿਹਾਈ ਲਈ ਭਰੋਸਾ ਦਿੱਤਾ ਸੀ।



