ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਸੂਬਾ ਹੋਇਆ ਹੈ। ਇੱਥੇ ਹੁਣ ਤੱਕ 18 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਸ ਕਰਕੇ ਹਸਪਤਾਲਾਂ ਵਿਚ ਵੀ ਬੈੱਡਾਂ ਦੀ ਕਮੀ ਹੋ ਰਹੀ ਹੈ ਤੇ ਇਸੇ ਨੂੰ ਲੈ ਕੇ ਆਰਥਿਕ ਰਾਜਧਾਨੀ ਮੁੰਬਈ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 1 ਹਜ਼ਾਰ ਬੈੱਡਾਂ ਵਾਲਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ 15 ਦਿਨਾਂ ਵਿਚ ਬਣਾਉਣ ਦਾ ਟਿੱਚਾ ਰੱਖਿਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਹਸਪਤਾਲ ਬਾਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਮੈਦਾਨ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪਾਲਟੀਨ ਰਿਜ਼ਨ ਡਿਵਲੈਂਪਮੈਂਟ ਅਥਾਰਟੀ ਨੂੰ ਦਿੱਤੀ ਗਈ ਹੈ। ਹਸਪਤਾਲ ਨੂੰ ਬਣਾਉਣ ਦਾ ਕੰਮ ਪਿਛਲੇ ਮਹੀਨੇ ਦੀ 28 ਤਰੀਕ ਨੂੰ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ। ਰਿਪੋਰਟਾਂ ਮੁਤਾਬਕ ਹਸਪਤਾਲ ਵਿਚ ਅਜਿਹੇ ਮਰੀਜ਼ਾਂ ਦਾ ਇਲਾਜ ਹੋਵੇਗਾ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਨਹੀਂ ਹੋਵੇਗੀ। ਮਹਾਰਾਸ਼ਟਰ ਵਿਚ ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਦੀ ਸੰਖਿਆ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਇੱਥੇ ਅਸਥਾਈ ਹਸਪਤਾਲ ਦੇ ਨਿਰਮਾਣ ਦਾ ਫ਼ੈਸਲਾ ਕੀਤਾ ਹੈ। ਹਸਪਤਾਲ ਬਣਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ । ਖੁਦ ਮੁੱਖ ਮੰਤਰੀ ਉੱਧਵ ਠਾਕਰੇ ਵੀ ਇਸ ਦਾ ਜਾਇਜ਼ਾ ਲੈ ਚੁੱਕੇ ਹਨ। ਇਸ ਹਸਪਤਾਲ ਵਿਚ ਪੈਥਾਲੋਜੀ ਲੈਬ, ਆਕਸੀਜਨ ਫੈਸਲਿਟੀ ਅਤੇ ਡਾਕਟਰਾਂ-ਨਰਸਾਂ ਦੇ ਲਈ ਕੈਬੀਨ ਤਿਆਰ ਕੀਤੇ ਜਾ ਰਹੇ ਹਨ ਨਾਲ ਹੀ ਮਰੀਜ਼ਾਂ ਨੂੰ ਕੁਆਰੰਟਿਨ ਕਰਨ ਅਤੇ ਆਈਸੋਲੇਸ਼ਨ ਵਿਚ ਰੱਖਣ ਦੀ ਸਹੂਲਤ ਹੋਵੇਗੀ। ਦੱਸ ਦਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 18 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਬੀਤੇ ਵੀਰਵਾਰ ਨੂੰ ਹੀ 692 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਕੁੱਲ 694 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਇੱਕਲੀ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੁਣ ਤੱਕ 11 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 437 ਲੋਕਾਂ ਨੇ ਦਮ ਤੋੜਿਆ ਹੈ।



