ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦੇੇ ਕਾਰਨ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਹੋਇਆ ਹੈ ਪਰ ਦੁਨੀਆ ਦੇ ਕਈ ਦੇਸ਼ ਲਾਕਡਾਊਨ ਨੂੰ ਮੁੜ ਤੋਂ ਹਟਾਉਣ ਦੇ ਯਤਨ ਕਰ ਰਹੇ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੇਡਰੋਸ ਐਧੋਮ ਘੇਬਰਿਆਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਾਲਾਬੰਦੀ ਨੂੰ ਸਹੀ ਢੰਗ ਨਾਲ ਨਾ ਹਟਾਇਆ ਗਿਆ ਤਾਂ ਮੁਸ਼ਿਕਲਾਂ ਹੋਰ ਵੀ ਵੱਧ ਸਕਦੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਬੁੱਧਵਾਰ ਨੂੰ ਜਿਨੇਵਾ ਵਿਚ ਹੋਈ ਇਕ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ WHO ਦੇ ਮੁੱਖੀ ਟੇਡਰੋਸ ਨੇ ਕਿਹਾ ਹੈ ਕਿ ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ ਦੇ ਸੰਕਰਮਨ ਦੀ ਰੋਕਥਾਮ ਦੇ ਮੱਦੇਨਜ਼ਰ ਆਪਣੇ ਇੱਥੇ ਲਾਗੂ ਪਾਬੰਦੀਆਂ ਨੂੰ ਘਟਾਉਣ ਉੱਤੇ ਵਿਚਾਰ ਕਰ ਰਹੇ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਲਾਕਡਾਊਨ ਤੋਂ ਬਾਹਰ ਨਿਕਲਣ ਦਾ ਤਰੀਕਾ ਬੇਹੱਦ ਸਾਵਧਾਨੀ ਨਾਲ ਵਰਤਣ। ਇਸ ਤੋਂ ਇਲਾਵਾ WHO ਨੇ ਛੇ ਮਾਪਦੰਡਾਂ ਉੱਤੇ ਵਿਚਾਰ ਕਰਨ ਦੇ ਲਈ ਸਾਰੇ ਦੇਸ਼ਾਂ ਤੋਂ ਸਿਫਾਰਿਸ ਕੀਤੀ ਹੈ ਜਿਸ ਵਿਚ ਸਖਤ ਨਿਗਰਾਨੀ, ਆਈਸੋਲੇਸ਼ਨ, ਹਰ ਕੇਸ ਵਿਚ ਟੈਸਟਿੰਗ ਕਰ ਇਲਾਜ਼ ਕਰਨਾ, ਹਰ ਸੰਪਰਕ ਨੂੰ ਟ੍ਰੇਸ ਕਰਨਾ, ਕੰਮ ਦੇ ਸਥਾਨਾਂ ਅਤੇ ਸਕੂਲਾਂ ਵਿਚ ਰੋਕਥਾਮ ਦੇ ਢੁਕਵੇ ਉਪਾਅ ਅਪਣਾਉਣਾ ਅਤੇ ਪੋਸਟ ਲਾਕਡਾਊਨ ਦੇ ਨਵੇਂ ਮਾਪਦੰਡਾਂ ਤੇ ਲੋਕਾਂ ਦਾ ਪੂਰਾ ਸਮੱਰਥਨ ਕਰਨਾ ਇਸ ਵਿਚ ਸ਼ਾਮਲ ਹੈ।ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਨੇ ਕਿਹਾ ਹੈ ਕਿ WHO ਨੂੰ ਮਿਲੀ ਰਿਪੋਰਟ ਅਨੁਸਾਰ ਢਾਈ ਲੱਖ ਤੋਂ ਵੱਧ ਲੋਕਾਂ ਦੀ ਮੌਤ ਅਤੇ ਹੁਣ ਤੱਕ 35 ਲੱਖ ਤੋਂ ਵੱਧ ਲੋਕਾਂ ਵਿਚ ਕੋਰੋਨਾ ਸੰਕਰਮਨ ਦੇ ਮਾਮਲੇ ਵੇਖਣ ਨੂੰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਹਰ ਦਿਨ ਔਸਤਨ 80 ਹਜ਼ਾਰ ਦੇ ਲਗਭਗ ਮਾਮਲੇ ਸਾਹਮਣੇ ਆ ਰਹੇ ਹਨ।

