ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਅਤੇ ਕੋਰੋਨਾ ਸੰਕਰਮਨ ਦੀ ਲੜੀ ਨੂੰ ਤੋੜਨ ਲਈ ਹੁਣ ਕੇਂਦਰ ਸਰਕਾਰ ਨੇ ਦੇਸ਼ ਵਿਚ ਲਾਕਡਾਊਨ ਦੀ ਮਿਆਦ ਹੋਰ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ ਜਿਸ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਜਰੀਏ ਦਿੱਤੀ ਗਈ ਹੈ।
ਦਰਅਸਲ ਲਾਕਡਾਊਨ 2.0 ਆਉਣ ਵਾਲੀ ਤਿੰਨ ਮਈ ਨੂੰ ਖਤਮ ਹੋ ਰਿਹਾ ਸੀ ਪਰ ਇਸ ਨੂੰ ਹੁਣ 2 ਹਫ਼ਤੇ ਹੋਰ ਅੱਗੇ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਹੈ। ਭਾਵ ਹੁਣ 17 ਮਈ ਤੱਕ ਦੇਸ਼ ਵਿਚ ਲਾਕਡਾਊਨ ਜਾਰੀ ਰਹੇਗਾ। ਲਾਕਡਾਊਨ 3.0 ਵਿਚ ਸਰਕਾਰ ਨੇ ਕੁੱਝ ਰਿਆਇਤਾਂ ਵੀ ਦਿੱਤੀਆਂ ਹਨ ਜਿਸ ਦੇ ਲਈ ਗ੍ਰਹਿ ਮੰਤਰਾਲੇ ਨੇ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਇਸ ਤਹਿਤ ਦੇਸ਼ ਦੇ ਜਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਅਧੀਨ ਗ੍ਰੀਨ ਅਤੇ ਆਰੇਂਜ ਜ਼ੋਨ ਵਿਚ ਕਈ ਤਰ੍ਹਾ ਦੀਆਂ ਢਿੱਲਾਂ ਦਿੱਤੀਆਂ ਗਈਆਂ ਹਨ ਜਦਕਿ ਰੈਡ ਜਾਨ ਵਿਚ ਕਿਸੇ ਤਰ੍ਹਾ ਦੀ ਛੁੱਟ ਨਹੀਂ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗ੍ਰੀਨ ਅਤੇ ਆਰੇਂਜ ਜ਼ੋਨ ਵਿਚ ਈ-ਕਮਰਸ ਕੰਪਨੀਆਂ ਨੂੰ ਜਰੂਰੀ ਸਮਾਨ ਦੇ ਨਾਲ-ਨਾਲ ਗੈਰ-ਜ਼ਰੂਰੀ ਸਮਾਨ ਦੀ ਡਿਲਵਰੀ ਕਰਨ ਦੀ ਵੀ ਮੰਜੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਗ੍ਰੀਨ ਜ਼ੋਨ ਵਿਚ 50 ਫ਼ੀਸਦੀ ਸਵਾਰੀਆਂ ਨਾਲ ਬੱਸਾਂ ਚਲਾਉਣ ਅਤੇ ਬੱਸ ਡਿਪੋ ਵਿਚ 50 ਫੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦੀ ਆਗਿਆਂ ਦਿੱਤੀ ਗਈ ਹੈ। ਲਾਕਡਾਊਨ 3.0 ਦੌਰਾਨ ਪਹਿਲਾਂ ਦੀ ਤਰ੍ਹਾ ਹੀ ਸਕੂਲ, ਕਾਲਜ ਅਤੇ ਸਾਰੇ ਵਿਦਿਅਕ ਅਦਾਰਿਆਂ ਨੂੰ 17 ਮਈ ਤੱਕ ਬੰਦ ਰੱਖਿਆ ਜਾਵੇਗਾ। ਮਾਲ,ਸਿਨੇਮਾ ਘਰਾਂ, ਕਲੱਬਾਂ, ਰੈਸਟੂਰੈਂਟਾਂ, ਹਵਾਈ ਉਡਾਨਾਂ, ਰੇਲ ਸੇਵਾਵਾਂ ਅਤੇ ਮੈਟਰੋ ਉੱਤੇ ਵੀ ਪਾਬੰਦੀ ਜਾਰੀ ਰਹੇਗੀ।

