ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਵਿਚ ਹੋਈ ਸੀ ਜਿੱਥੇ ਕੋਰੋਨਾ ਦੇ ਮਰੀਜ਼ਾਂ ਨਾਲ ਨਜਿੱਠਣ ਲਈ ਵੱਡਾ ਅਸਥਾਈ ਹਸਪਤਾਲ ਬਣਾਇਆ ਗਿਆ ਸੀ ਜਿਸ ਨੂੰ ਹੁਣ ਕੋਰੋਨਾ ਉੱਤੇ ਕਾਬੂ ਪਾਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਅਤੇ ਉੱਥੇ ਤਾਇਨਾਤ ਹਜ਼ਾਰਾਂ ਮੈਡੀਕਲ ਕਰਮਚਾਰੀਆਂ ਦਾ ਆਖਰੀ ਸਮੂਹ ਸ਼ਹਿਰ ਛੱਡ ਕੇ ਚੱਲਿਆ ਗਿਆ ਹੈ।
ਦਰਅਸਲ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਵਿਚ ਜਨਵਰੀ ਦੇ ਆਖਰ ਵਿਚ ਇਕ ਹਜ਼ਾਰ ਬੈਡਾਂ ਵਾਲਾ ਹਸਪਤਾਲ ਕੋਰੋਨਾ ਦੇ ਮਰੀਜ਼ਾਂ ਨਾਲ ਨਜਿੱਠਣ ਲਈ ਦਸ ਦਿਨਾਂ ਅੰਦਰ ਤਿਆਰ ਕੀਤਾ ਗਿਆ ਸੀ ਅਤੇ ਫਰਵਰੀ ਦੀ ਸ਼ੁਰੂਆਤੀ ਵਿਚ ਇੱਥੇ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵੁਹਾਨ ਵਿਚ ਅਸਥਾਈ ਲੀਸ਼ਨਸ਼ਾਨ (ਵਜਰਾ ਦੇਵ ਪਰਵਤ) ਹਸਪਤਾਲ ਕੋਰੋਨਾ ਦੇ ਮਾਮਲੇ ਥੱਮਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਕੰਮ ਕਾਜ ਲਈ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਚੀਨ ਨੇ ਕੋਰੋਨਾ ਪੀੜਤਾਂ ਨੂੰ ਅਲੱਗ-ਅਲੱਗ ਰੱਖਣ ਅਤੇ ਉਨ੍ਹਾਂ ਦੇ ਇਲਾਜ ਵਾਸਤੇ 14 ਹੋਰ ਅਸਥਾਈ ਸਿਹਤ ਕੇਂਦਰ ਵੀ ਬਣਾਏ ਸਨ ਜੋ ਕਿ ਪਿਛਲੇ ਦਿਨਾਂ ਵਿਚ ਬੰਦ ਕੀਤੇ ਜਾ ਚੁੱਕੇ ਹਨ ਅਤੇ ਕੋਰੋਨਾ ਨਾਲ ਨਿਪਟਨ ਦੇ ਲਈ ਹੁਬੇਈ ਭੇਜੇ ਗਏ ਸੈਂਕੜਾਂ ਡਾਕਟਰਾਂ ਦੇ ਆਖਰੀ ਸਮੂਹ ਨੂੰ ਵੁਹਾਨ ਤੋਂ ਰਵਾਨਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੱਭ ਤੋਂ ਪਹਿਲਾਂ ਕੋਰੋਨਾ ਦਾ ਮਾਮਲਾ ਦਸੰਬਰ 2019 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉੱਥੇ 23 ਜਨਵਰੀ ਨੂੰ ਲਾਕਡਾਊਨ ਕਰ ਦਿੱਤਾ ਗਿਆ ਸੀ ਅਤੇ ਕੋਰੋਨਾ ਉੱਤੇ ਕਾਬੂ ਪਾਉਣ ਤੋਂ ਬਾਅਦ 8 ਅਪ੍ਰੈਲ ਨੂੰ ਲਾਕਡਾਊਨ ਸਮਾਪਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਹੁਬੇਈ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਅਸਥਾਈ ਹਸਪਤਾਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

