ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਜਦਕਿ ਮਰਨ ਵਾਲਿਆਂ ਦਾ ਆਂਕੜਾ 53 ਹਜ਼ਾਰ ਨੂੰ ਵੀ ਪਾਰ ਕਰ ਗਿਆ ਹੈ।
ਵਰਲਡਓ ਮੀਟਰ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਕੇ 1,018,107 ਹੋ ਚੁੱਕੀ ਹੈ ਜਿਨ੍ਹਾਂ ਵਿਚ 213,218 ਲੋਕ ਠੀਕ ਵੀ ਹੋ ਚੁੱਕੇ ਹਨ ਜਦਕਿ 53,251 ਲੋਕਾਂ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਸੱਭ ਤੋਂ ਜਿਆਦਾ ਤਬਾਹੀ ਅਮਰੀਕਾ, ਇਟਲੀ, ਸਪੇਨ ਅਤੇ ਜਰਮਨੀ ਵਿਚ ਮਚਾਈ ਹੈ। ਇਨ੍ਹਾਂ ਦੇਸ਼ਾਂ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਚੀਨ ਤੋਂ ਵੀ ਕਿਤੇ ਜਿਆਦਾ ਹੋ ਗਈ ਹੈ। ਸੁਪਰਪਾਵਰ ਅਮਰੀਕਾ ਵਿਚ ਕੋਰੋਨਾ ਦੇ ਕੁੱਲ ਕੇਸ 245,373 ਹੋ ਚੁੱਕੇ ਹਨ ਜਦਕਿ 6,095 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਆਂਕੜਾ 13,915 ਹੋ ਚੁੱਕਿਆ ਹੈ ਜਦਕਿ ਕੁੱਲ ਕੇਸਾਂ ਦੀ ਗਿਣਤੀ 115,242 ਹੋ ਚੁੱਕੀ ਹੈ। ਸਪੇਨ ਵਿਚ 112,065 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 10,348 ਲੋਕਾਂ ਨੂੰ ਕੋਰੋਨਾ ਕਰਕੇ ਆਪਣੀ ਜਾਨ ਗਵਾਉਣੀ ਪਈ ਹੈ। ਉੱਥੇ ਹੀ ਜਰਮਨੀ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 84,794 ਹੋ ਚੁੱਕੇ ਹਨ ਅਤੇ 1,107 ਮੌਤਾਂ ਹੋ ਚੁੱਕੀਆਂ ਹਨ। ਚੀਨ ਵਿਚ ਕੁੱਲ ਕੇਸਾਂ ਦੀ ਸੰਖਿਆ 81,620 ਹੈ ਅਤੇ ਮਰਨ ਵਾਲਿਆਂ ਦੀ ਸੰਖਿਆਂ 3,322 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਸਾਲ 2019 ਦੇ ਆਖਰ ਵਿਚ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ।

