ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਕਰਕੇ ਕੀਤੇ ਗਏ ਲਾਕਡਾਊਨ ਦੇ 9ਵੇਂ ਦਿਨ ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵੀਡੀਓ ਸੰਦੇਸ਼ ਵਿਚ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਨੂੰ ਆਉਣ ਵਾਲੇ 5 ਅਪ੍ਰੈਲ ਨੂੰ ਆਪਣੇ ਘਰਾਂ ਦੇ ਬਾਹਰ 9 ਮਿੰਟ ਦੇ ਲਈ ਦੀਵੇ ਜਾਂ ਮੋਮਬੱਤੀਆਂ ਜਲਾਉਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਇਸ ਐਤਵਾਰ 5 ਅਪ੍ਰੈਲ ਨੂੰ ਸਾਨੂੰ ਸੱਭ ਨੂੰ ਮਿਲ ਕੇ ਕੋਰੋਨਾ ਦੇ ਸੰਕਟ ਦੇ ਹਨੇਰੇ ਨੂੰ ਚੁਣੋਤੀ ਦੇਣੀ ਹੈ। ਇਸ ਲਈ ਘਰ ਦੀਆਂ ਸਾਰੀ ਲਾਇਟਾਂ ਬੰਦ ਕਰਕੇ, ਘਰ ਦੇ ਦਰਵਾਜੇ ਜਾਂ ਬਾਲਕੋਨੀ ਵਿਚ ਖੜੇ ਹੋ ਕੇ 9 ਮਿੰਟ ਦੇ ਲਈ ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਇਲ ਦੀ ਫਲੈਸ਼ਲਾਇਟ ਜਲਾਉਣੀ ਹੈ ਅਤੇ ਉਸ ਸਮੇਂ ਜਦੋਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰੋਗੇ ਤਾਂ ਚਾਰੇ ਪਾਸੇ ਹਰ ਵਿਅਕਤੀ ਇਕ-ਇਕ ਦੀਵਾ ਜਲਾਵੇਗਾ ਉਦੋਂ ਪ੍ਰਕਾਸ਼ ਦੀ ਉਸ ਮਹਾਸ਼ਕਤੀ ਦਾ ਅਹਿਸਾਸ ਹੋਵੇਗਾ ਜਿਸ ਵਿਚ ਇਕ ਮਕਸਦ ਨਾਲ ਅਸੀ ਸਾਰੇ ਲੜ ਰਹੇ ਹਾਂ ਇਹ ਉਜ਼ਾਗਰ ਹੋਵੇਗਾ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਉਸ ਪ੍ਰਕਾਸ਼, ਰੋਸ਼ਨੀ ਉਜਾਲੇ ਵਿਚ ਅਸੀ ਆਪਣੇ ਮਨ ਵਿਚ ਇਹ ਸੰਕਲਪ ਕਰੀਏ ਕਿ ਅਸੀ ਇੱਕਲੇ ਨਹੀਂ ਹਨ, ਕੋਈ ਵੀ ਇੱਕਲਾ ਨਹੀਂ ਹੈ, 130 ਕਰੋੜ ਦੇਸ਼ਵਾਸੀ ਇਕ ਹੀ ਸੰਕਲਪ ਦੇ ਨਾਲ ਨਿਰਧਾਰਤ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ”ਇਸ ਆਯੋਜਨ ਸਮੇਂ ਕਿਸੇ ਨੂੰ ਵੀ ਕਿਧਰੇ ਵੀ ਇੱਕਠਾ ਨਹੀਂ ਹੋਣਾ ਹੈ, ਰਸਤੇ ਗੱਲੀ-ਮੁਹੱਲਿਆਂ ਵਿਚ ਨਹੀਂ ਜਾਣਾ ਹੈ ਆਪਣੇ ਘਰ ਦੇ ਦਰਵਾਜੇ ਜਾਂ ਬਾਲਕੋਨੀ ਤੋਂ ਹੀ ਇਹ ਕੰਮ ਕਰਨਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਤੋੜਨਾ ਹੈ ਇਹੀ ਕੋਰੋਨਾ ਦੀ ਲੜੀ ਨੂੰ ਤੋੜਨ ਦਾ ਇਹੀ ਰਾਮਬਾਨ ਇਲਾਜ ਹੈ”।ਪੀਐਮ ਮੋਦੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਕਰੋੜਾਂ ਲੋਕ ਘਰਾਂ ਵਿਚ ਹਨ ਤਾਂ ਕਿਸੇ ਨੂੰ ਵੀ ਲੱਗ ਸਕਦਾ ਹੈ ਕਿ ਉਹ ਇੱਕਲਾ ਕੀ ਕਰੇਗਾ ਅਤੇ ਇੰਨੀ ਵੱਡੀ ਲੜਾਈ ਨੂੰ ਉਹ ਇੱਕਲੇ ਕਿਵੇ ਲੜਨਗੇ, ਅੱਗੇ ਕਿੰਨੇ ਦਿਨ ਇਵੇਂ ਕੱਟਣੇ ਪੈਣਗੇ। ਪੀਐਮ ਮੋਦੀ ਅਨੁਸਾਰ ਇਹ ਲਾਕਡਾਊਨ ਦਾ ਸਮਾਂ ਜਰੂਰ ਹੈ ਪਰ ਸਾਡੇ ਵਿਚੋਂ ਇੱਕਲਾ ਕੋਈ ਨਹੀਂ ਹੈ ਅਤੇ 130 ਕਰੋੜ ਦੇਸ਼ਵਾਸੀਆਂ ਦੀ ਸਾਮੂਹਿਕ ਸ਼ਕਤੀ ਹਰ ਵਿਅਕਤੀ ਦੇ ਨਾਲ ਹੈ।
