ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਲਾਤਾਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਇਸ ਵਿਚਾਰ-ਵਟਾਂਦਰੇ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕਰਕੇ 15 ਅਪ੍ਰੈਲ ਨੂੰ ਲਾਕਡਾਊਨ ਖਤਮ ਹੋਣ ਦੀ ਗੱਲ ਕਹੀ ਪਰ ਥੋੜੇ ਸਮੇਂ ਬਾਅਦ ਹੀ ਉਨ੍ਹਾਂ ਨੇ ਆਪਣਾ ਇਹ ਟਵੀਟ ਹਟਾ ਲਿਆ।
ਦਰਅਸਲ ਅਰੁਣਾਚਲ ਦੇ ਸੀਐਮ ਪੇਮਾ ਖਾਂਡੂ ਨੇ ਟਵੀਟ ਕਰਦੇ ਹੋਏ ਕਿਹਾ ਕਿ ”15 ਅਪ੍ਰੈਲ ਤੱਕ ਲਾਕਡਾਊਨ ਖਤਮ ਹੋ ਜਾਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਸੜਕਾਂ ਉੱਤੇ ਘੁੰਮਣ ਲਈ ਅਜ਼ਾਦ ਹੋਣਗੇ। ਕੋਰੋਨਾ ਵਾਇਰਸ ਦੇ ਅਸਰ ਨੂੰ ਘੱਟ ਕਰਨ ਲਈ ਹਰ ਕਿਸੇ ਨੂੰ ਜਿੰਮੇਵਾਰੀ ਲੈਣੀ ਹੋਵੇਗੀ। ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਹੀ ਇਸ ਨਾਲ ਲੜਨ ਦਾ ਇਕਲੌਤਾ ਤਰੀਕਾ ਹੈ”।
ਇਸ ਤੋਂ ਕੁੱਝ ਹੀ ਮਿੰਟਾਂ ਬਾਅਦ ਸੀਐਮ ਪੇਮਾ ਖਾਂਡੂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਅਤੇ ਇਸ ਟਵੀਟ ਕਰਨ ਪਿੱਛੇ ਸਫਾਈ ਦਿੱਤੀ ਕਿ ”ਲਾਕਡਾਊਨ ਦੇ ਸਮੇਂ ਨੂੰ ਲੈ ਕੇ ਕੀਤਾ ਗਿਆ ਟਵੀਟ ਇਕ ਅਫਸਰ ਨੇ ਕੀਤਾ ਸੀ ਜਿਸ ਦੀ ਹਿੰਦੀ ਦੀ ਸਮਝ ਕਾਫ਼ੀ ਸੀਮਤ ਸੀ ਅਜਿਹੇ ਵਿਚ ਉਸ ਟਵੀਟ ਨੂੰ ਹਟਾ ਦਿੱਤਾ ਗਿਆ ਹੈ”। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੌਜੂਦਾ ਹਲਾਤਾਂ ਉੱਤੇ ਚਰਚਾ ਕੀਤੀ ਹੈ ਜਿਸ ਦੌਰਾਨ ਪੀਐਮ ਮੋਦੀ ਅੱਗੇ ਕਈ ਮੁੱਖ ਮੰਤਰੀਆਂ ਨੇ ਆਪੋ-ਆਪਣੇ ਸੂਬੇ ਦੀਆਂ ਪਰੇਸ਼ਾਨੀਆਂ ਨੂੰ ਰੱਖਿਆ ਅਤੇ ਕੇਂਦਰ ਤੋਂ ਵਿੱਤੀ ਅਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਮੈਡੀਕਲ ਕਿੱਟ ਆਦਿ ਦੀ ਮੰਗ ਕੀਤੀ ਹੈ।


