ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਕੋਰੋਨਾ ਵਾਇਰਸ ਦੁਨੀਆ ਦੇ 21 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਦਕਿ 4 ਲੱਖ ਤੋਂ ਜਿਆਦਾ ਲੋਕ ਇਸ ਦੇ ਚਪੇਟ ਵਿਚ ਹਨ। ਕੋਰੋਨਾ ਨੇ ਸੱਭ ਤੋਂ ਜਿਆਦਾ ਕਹਿਰ ਚੀਨ ਤੋਂ ਬਾਅਦ ਇਟਲੀ ਅਤੇ ਸਪੇਨ ਵਿਚ ਮਚਾਇਆ ਹੈ।
ਜਾਣਕਾਰੀ ਅਨੁਸਾਰ ਹੁਣ ਤੱਕ ਦੁਨੀਆ ਭਰ ਵਿਚ 471,862 ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ 114,711 ਕੋਰੋਨਾ ਪੀੜਤ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋ ਚੁੱਕਿਆ ਹੈ ਉੱਥੇ ਹੀ ਤਾਜਾ ਅੰਕੜਿਆਂ ਅਨੁਸਾਰ 21,297 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਯੂਰੋਪ ਦੇ ਦੇਸ਼ ਇਟਲੀ ਅਤੇ ਸਪੇਨ ਵਿਚ ਆਪਣਾ ਸੱਭ ਤੋਂ ਵੱਧ ਕਹਿਰ ਵਿਖਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨੇ ਇਟਲੀ ਦੇ 682 ਲੋਕਾਂ ਦੀ ਜਾਨ ਲੈ ਲਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 7500 ਤੱਕ ਪਹੁੰਚ ਗਿਆ ਹੈ। ਉੱਥੇ ਹੀ 5200 ਦੇ ਕਰੀਬ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨੂੰ ਮਿਲਾ ਕੇ ਕੁੱਲ ਕੇਸਾਂ ਦੀ ਸੰਖਿਆ 74,386 ਹੋ ਗਈ ਹੈ। ਇਟਲੀ ਤੋਂ ਬਾਅਦ ਸਪੇਨ ਵੀ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਸ਼ਿਕਾਰ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ ਹੀ 683 ਲੋਕਾਂ ਦੀ ਜਾਨ ਇਸ ਮਹਾਮਾਰੀ ਕਰਕੇ ਚੱਲੀ ਗਈ ਹੈ ਅਤੇ ਕੁੱਲ ਮਰਨ ਵਾਲਿਆਂ ਦੀ ਸੰਖਿਆ 3600 ਦੇ ਪਾਰ ਹੋ ਗਈ ਹੈ। ਸਪੇਨ ਵਿਚ ਸਾਢੇ 49 ਹਜ਼ਾਰ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ 2019 ਦੇ ਆਖਰ ਵਿਚ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ। ਚੀਨ ਵਿਚ ਵੀ 81 ਹਜਾਰ ਤੋਂ ਜ਼ਿਆਦਾ ਲੋਕ ਇਸ ਮਹਾਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3300 ਤੱਕ ਪਹੁੰਚਣ ਵਾਲਾ ਹੈ।

