ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੂਬੇ ਵਿਚੋਂ ਹੁਣ ਹੋਰ 7 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਦਰਅਸਲ ਨਵਾਂਸ਼ਹਿਰ ਵਿਚ ਹੋਰ 7 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਜਿਸ ਦੀ ਜਾਣਕਾਰੀ ਨਵਾਂਸ਼ਹਿਰ ਸਿਵਲ ਹਸਪਤਾਲ ਦੇ ਐਸਐਮਓ ਬਲਜਿੰਦਰ ਭਾਟੀਆ ਨੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਜਿਹੜੇ ਸੱਤ ਮਰੀਜ਼ਾਂ ਦੀ ਜਾਂਚ ਰਿਪੋਰਟ ਪੋਜ਼ੀਟਿਵ ਆਈ ਹੈ ਉਹ ਸਾਰੇ ਪਿੰਡ ਪਠਲਾਵਾਂ ਦੇ ਰਹਿਣ ਵਾਲੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ ਜਿਸ ਦੀ ਮੌਤ ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਕਾਰਨ ਹੋ ਗਈ ਸੀ। ਸਾਰੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮ੍ਰਿਤਕ ਬਲਦੇਵ ਸਿੰਘ ਦੇ 6 ਪਰਿਵਾਰਕ ਮੈਂਬਰਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਜਿਸ ਕਰਕੇ ਹੁਣ ਤੱਕ ਪੂਰੇ ਸੂਬੇ ਵਿਚੋਂ ਕੁੱਲ ਕੇਸਾਂ ਦੀ ਗਿਣਤੀ 21 ਹੋ ਚੁੱਕੀ ਹੈ।
ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ 31 ਮਾਰਚ ਤੱਕ ਲਾਕਡਾਊਨ ਕਰਨ ਦਾ ਫ਼ੈਸਲਾ ਕੀਤਾ ਹੈ। ਸਾਰੀਆਂ ਗੈਰ ਜਰੂਰੀ ਸੇਵਾਵਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਕੇਵਲ ਲੋੜੀਂਦੀ ਸੇਵਾਵਾਂ ਹੀ ਜਾਰੀ ਰੱਖੀਆਂ ਗਈਆਂ ਹਨ।
ਕਿਹੜੀ-ਕਿਹੜੀ ਸੇਵਾਵਾਂ ਰਹਿਣਗੀਆਂ ਜਾਰੀ
ਫਲ ਸਬਜੀਆਂ,ਕਰਿਆਣੇ, ਪੀਣ ਵਾਲੇ ਪਾਣੀ, ਜਾਨਵਰਾਂ ਦੇ ਚਾਰੇ ਦੀ ਸਪਲਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਪੈਟਰੋਲ, ਡੀਜ਼ਲ , ਸੀਐਨਜੀ, ਪੰਪ ਸਟੇਸ਼ਨ, ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ, ਦੁੱਧ ਪਲਾਂਟ, ਡੇਅਰੀ ਯੂਨੀਟ, ਐਲਪੀਜੀ ਦੀ ਸਪਲਾਈ, ਦਵਾਈਆਂ, ਫਾਰਮਾਸਿਉਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ, ਭੋਜਨ ਵਸਤਾਂ ਦੀ ਸਲਾਈ, ਗੁਦਾਮਾਂ ਵਿਚੋਂ ਚੋਲ ਅਤੇ ਕਣਕ ਦੀ ਲੁਹਾਈ ਅਤੇ ਲਦਵਾਈ, ਡਾਕਘਰ, ਬੈਂਕ ਅਤੇ ਏਟੀਐਮ, ਬੀਮਾ ਕੰਪਨੀਆਂ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ ਨਾਲ ਹੀ ਸਾਰੀਆਂ ਫੂਡ ਪ੍ਰਸੈਸਿੰਗ ਇਕਾਈਆਂ ਜਾਰੀ ਰਹਿਣਗੀਆਂ।
