ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ ਪਰ ਇਸ ਵਾਇਰਸ ਨੇ ਚੀਨ ਤੋਂ ਬਾਅਦ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ। ਦਰਅਸਲ ਇਟਲੀ ਵਿਚ ਕੋਰੋਨਾ ਵਾਇਰਸ ਚੀਨ ਤੋਂ ਵੀ ਜਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਿਸ ਕਰਕੇ ਇਟਲੀ ਪੂਰੀ ਤਰ੍ਹਾ ਲਾਕਡਾਊਨ ਹੋ ਚੁੱਕਿਆ ਹੈ।
ਜਾਣਕਾਰੀ ਅਨੁਸਾਰ ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 3,240 ਦੇ ਲਗਭਗ ਹੈ ਪਰ ਉੱਥੇ ਹੀ ਜੇਕਰ ਗੱਲ ਇਟਲੀ ਦੀ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਨੇ ਇਸ ਦੇਸ਼ ਵਿਚ ਇਸ ਕਦਰ ਤਬਾਹੀ ਮਚਾਈ ਹੈ ਕਿ ਹੁਣ ਤੱਕ 3400 ਤੋਂ ਜਿਆਦਾ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਕੋਰੋਨਾ ਵਾਇਰਸ ਦੇ ਸਾਹਮਣੇ ਬਿਲਕੁੱਲ ਹੀ ਨਰਮ ਪੈਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਕੇਵਲ ਪਿਛਲੇ 24 ਘੰਟਿਆਂ ਵਿਚ ਇੱਥੇ 425 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਤੋਂ ਹੱਥ ਧੋਏ ਹਨ ਜਦਕਿ ਹੁਣ ਤੱਕ 41 ਹਜਾਰ ਤੋਂ ਵੱਧ ਲੋਕ ਇਸ ਮਹਾਮਾਰੀ ਨੇ ਆਪਣੀ ਚਪੇਟ ਵਿਚ ਲੈ ਲਏ ਹਨ।
ਕੋਰੋਨਾ ਵਾਇਰਸ ਕਾਰਨ ਪੂਰਾ ਇਟਲੀ ਲਾਕਡਾਊਨ ਹੋ ਚੁੱਕਿਆ ਹੈ। ਕੇਵਲ ਮੈਡੀਕਲ ਸੇਵਾਵਾਂ ਨੂੰ ਹੀ ਚਾਲੂ ਰੱਖਿਆ ਗਿਆ ਹੈ। ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ। ਕੈਫੇ ਹੋਟਲ ਰੈਸਟੂਰੈਂਟ ਮਾਲ ਆਦਿ ਸੱਭ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਜਿਸ ਕਰਕੇ ਲੋਕ ਘਰਾਂ ਵਿਚ ਕੈਦ ਹੋਣ ਲਈ ਮਜ਼ਬੂਰ ਹੋ ਗਏ ਹਨ। ਸੜਕਾਂ ਖਾਲ੍ਹੀ ਪਈਆਂ ਹਨ। ਬਜਾਰਾਂ ਵਿਚ ਸਨਾਟਾ ਛਾਇਆ ਹੋਇਆ ਹੈ।ਸੈਲਾਨੀਆਂ ਦੀ ਰੋਣਕ ਦੇਸ਼ ਵਿਚੋਂ ਖਤਮ ਹੋ ਚੁੱਕੀ ਹੈ। ਭਾਵ ਕੋਰੋਨਾ ਦੇ ਕਹਿਰ ਨੇ ਇਟਲੀ ਵਿਚ ਲੋਕਾਂ ਦੇ ਜਨ-ਜੀਵਨ ਨੂੰ ਬਿਲਕੁੱਲ ਹੀ ਠੱਪ ਕਰ ਦਿੱਤਾ ਹੈ।


