ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਪੂਰੇ ਦੇਸ਼ ਵਿਚੋਂ ਹੁਣ ਤੱਕ 195 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 5 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹੈ।
ਜਾਣਕਾਰੀ ਅਨੁਸਾਰ ਦੇਸ਼ ਵਿਚੋਂ ਸੱਭ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਮਰੀਜ਼ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਇਸ ਮਹਾਮਾਰੀ ਦੇ ਹੁਣ ਤੱਕ 50 ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਉੱਥੇ ਇਕ ਵਿਅਕਤੀ ਨੇ ਆਪਣੀ ਜਾਨ ਗਵਾਈ ਹੈ। ਇਸ ਤੋਂ ਇਲਾਵਾ ਅੱਜ ਪੱਛਮੀ ਬੰਗਾਲ ਵਿਚ ਇਕ, ਮਹਾਰਾਸ਼ਟਰ ਵਿਚ ਤਿੰਨ ਅਤੇ ਯੂਪੀ ਵਿਚੋਂ ਚਾਰ ਨਵੇਂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਦੇਸ਼ ਭਰ ‘ਚੋਂ ਹੁਣ ਤੱਕ ਕੋਰੋਨਾ ਵਾਇਰਸ ਪੰਜ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਿਸ ਵਿਚ ਇਕ ਵਿਦੇਸ਼ੀ ਵੀ ਸ਼ਾਮਲ ਹੈ। ਭਾਰਤ ਵਿਚ ਪੰਜਵੀ ਮੌਤ ਇਕ ਇਟਲੀ ਦੇ ਨਾਗਰਿਕ ਦੀ ਰਾਜਸਥਾਨ ਵਿਚ ਹੋਈ ਹੈ ਜੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਦੇ ਹੁਸ਼ਿਆਰਪੁਰ ਵਿਚ ਇਕ 70 ਸਾਲਾਂ ਬਜ਼ੁਰਗ ਨੇ ਦਮ ਤੋੜ ਦਿੱਤਾ ਸੀ ਉਸ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗੀ ਹੋਈ ਸੀ। ਇਹ ਵੀ ਦੱਸ ਦਈਏ ਕਿ ਭਾਰਤ ਵਿਚੋਂ 195 ਮਰੀਜ਼ਾਂ ਚ 32 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋੋਨਾ ਦੇ ਕਹਿਰ ਨੂੰ ਵੇਖਦੇ ਹੋਏ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ। ਪੀਐਮ ਮੋਦੀ ਨੇ 22 ਮਾਰਚ ਐਤਵਾਰ ਵਾਲੇ ਦਿਨ ਦੇਸ਼ ਦੀ ਲੋਕਾਂ ਨੂੰ ਸਵੇਰੇ ਸੱਤ ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਸੀ। ਨਾਲ ਹੀ ਪੀਐਮ ਮੋਦੀ ਨੇ ਲੋਕਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਨਾ ਜਾਣ ਦੀ ਵੀ ਸਲਾਹ ਦਿੱਤੀ ਸੀ।


