ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚੋਂ ਹੁਣ ਤੱਕ 171 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਪੰਜਾਬ ਵਿਚ ਵੀ 1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਗੁਰਦਾਸੁਪਰ ਵਿਚ ਇਸ ਮਹਾਮਾਰੀ ਦੇ ਦੋ ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ।

ਦਰਅਸਲ ਗੁਰਦਾਸਪੁਰ ਦੇ ਬਟਾਲਾ ਸਿਵਲ ਹਸਪਤਾਲ ਵਿਚ ਦੋ ਮਰੀਜ਼ ਖਾਂਸੀ ਜੁਖਾਮ ਆਦਿ ਦੀ ਸ਼ਿਕਾਇਤ ਕਾਰਨ ਜਾਂਚ ਲਈ ਆਏ ਸਨ ਪਰ ਇਨ੍ਹਾਂ ਦੀ ਟ੍ਰੈਵਲ ਹਿਸਟਰੀ ਵਿਦੇਸ਼ ਦੀ ਪਾਈ ਗਈ ਹੈ। ਕੁੱਝ ਸਮਾਂ ਪਹਿਲਾਂ ਇਹ ਕਈ ਦੇਸ਼ਾਂ ਤੋਂ ਹੁੰਦੇ ਹੋਏ ਭਾਰਤ ਪਹੁੰਚੇ ਸਨ ਜਿਸ ਕਰਕੇ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ ਸ਼ੱਕ ਵਿਚ ਇਨ੍ਹਾਂ ਦੇ ਬਲੱਡ ਸੈਂਪਲ ਲੈ ਕੇ ਅਮ੍ਰਿਤਸਰ ਦੀ ਲੈਬ ਵਿਚ ਟੈਸਟ ਹੋਣ ਲਈ ਭੇਜ ਦਿੱਤੇ ਹਨ ਜਿਸ ਦੀ ਰਿਪੋਰਟ 72 ਘੰਟਿਆਂ ਭਾਵ ਤਿੰਨ ਦਿਨਾਂ ਬਾਅਦ ਆਵੇਗੀ। ਦੱਸ ਦਈਏ ਕਿ ਹੁਣ ਤੱਕ ਪੰਜਾਬ ਵਿਚ ਕੇਵਲ ਇਕ ਕੋਰੋਨਾ ਵਾਇਰਸ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਿਸ ਦਾ ਇਲਾਜ ਅਜੇ ਜਾਰੀ ਹੈ।
ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਕਈ ਵੱਡੇ ਕਦਮ ਚੁੱਕੇ ਹਨ ਜਿਸ ਅਨੁਸਾਰ 31 ਮਾਰਚ ਤੱਕ ਸਕੂਲਾਂ-ਕਾਲਜਾਂ, ਸਿਨੇਮਾ ਘਰਾਂ, ਕਲੱਬਾਂ ਅਤੇ ਜਿੰਮਾਂ ਆਦਿ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਨੇ ਇਕ ਵੱਡਾ ਆਦੇਸ਼ ਜਾਰੀ ਕਰਦੇ ਹੋਏ ਸੂਬੇ ਵਿਚ ਆਉਣ ਵਾਲੇ ਸ਼ੁੱਕਰਵਾਰ ਨੂੰ ਰਾਤ 12 ਵਜੇ ਤੋਂ ਬਾਅਦ ਸਾਰੇ ਪਬਲੀਕ ਟਰਾਂਸਪੋਰਟ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਚੰਡੀਗੜ੍ਹ ਵਿਚ ਪਹਿਲੇ ਕੇਸ ਦੀ ਹੋਈ ਪੁਸ਼ਟੀ
ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋ ਚੁੱਕੀ ਹੈ। ਲੰਡਨ ਤੋਂ ਵਾਪਸ ਭਾਰਤ ਪਰਤੀ ਚੰਡੀਗੜ੍ਹ ਵਾਸੀ 23 ਸਾਲਾਂ ਲੜਕੀ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜਿਸ ਨੂੰ ਇਲਾਜ ਲਈ ਆਈਸੋਲੇਟ ਕਰ ਦਿੱਤਾ ਗਿਆ ਹੈ।

