ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੂਰੇ ਦੇਸ਼ ਵਿਚੋਂ ਹੁਣ ਤੱਕ 170 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਿਕ ਇਸ ਵਾਇਰਸ ਨਾਲ ਹੁਣ ਤੱਕ ਤਿੰਨ ਮੌਤਾਂ ਹੋਈਆਂ ਹਨ।
ਆਂਧਰਾ ਪ੍ਰਦੇਸ਼, ਮੁੰਬਈ, ਰਾਜਸਥਾਨ ਅਤੇ ਚੰਡੀਗੜ੍ਹ ਤੋਂ ਕੋਰੋਨਾ ਵਾਇਰਸ ਨੇ ਨਵੇਂ ਮਾਮਲੇ ਸਾਹਮਣੇ ਆਏ ਹਨ। ਆਂਧਰਾ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ ਦੋ ਹੋ ਚੁੱਕੇ ਹਨ ਜਦਕਿ ਮਹਾਰਾਸ਼ਟਰ ਵਿਚ 2 ਹੋਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਹੀ ਰਾਜਸਥਾਨ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਵਿਚ ਇਸ ਮਹਾਮਾਰੀ ਦੀ ਲਾਗ ਪਾਈ ਗਈ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ 23 ਸਾਲਾਂ ਲੜਕੀ ਕੋਰੋਨਾ ਦੀ ਚਪੇਟ ਵਿਚ ਆ ਚੁੱਕੀ ਹੈ ਜੋ ਕਿ ਕੁੱਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਭਾਰਤ ਪਰਤੀ ਸੀ ਜਿਸ ਕਰਕੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ 171 ਹੋ ਚੁੱਕੀ ਹੈ। ਦਿੱਲੀ ਮਹਾਰਾਸ਼ਟਰ ਅਤੇ ਕਰਨਾਟਕਾ ਵਿਚ ਇਕ-ਇਕ ਮੌਤ ਵੀ ਹੋਈ ਹੈ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਲਾਤਾਂ ਦੀ ਸਮੀਖਿਆ ਕਰਨ ਲਈ ਬੈਠਕ ਬੁਲਾਈ ਹੈ। ਨਾਲ ਹੀ ਪੀਐਮ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਿਤ ਵੀ ਕਰਨਗੇ। ਕੋਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਬੀਸੀਸੀਆਈ ਅਤੇ ਆਈਸੀਸੀਆਈ ਨੇ ਵੀ 31 ਮਾਰਚ ਤੱਕ 10 ਵੀਂ ਅਤੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਉੱਥੇ ਹੀ ਰੇਲਵੇ ਨੇ 150 ਤੋਂ ਵੱਧ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਰੇਲਵੇ ਟਿਕਟਾਂ ਦੀ ਕੀਮਤ ਕਈ ਗੁਣਾ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਟਰੇਨਾਂ ਰਾਹੀ ਘੱਟ ਤੋਂ ਘੱਟ ਸਫਰ ਕਰਨ ਤਾਂ ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਲਈ ਇਹ ਕਦਮ ਚੱਕੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਵੀ ਆਈਸੋਲੇਟ ਕੀਤੇ ਜਾ ਰਹੇ ਹਨ।


