ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ 124 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਦਕਿ ਡੇਢ ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਹਨ ਪਰ ਇਨ੍ਹਾਂ ਸਭਨਾ ਵਿਚਾਲੇ ਜੁਲਾਈ ਵਿਚ ਸ਼ੁਰੂ ਹੋਣ ਵਾਲੇ ਟੋਕਿਓ ਓਲੰਪਿਕਸ ਉੱਤੇ ਕੋਈ ਅਸਰ ਨਹੀਂ ਹੋਵੇਗਾ ਜਿਸ ਦੀ ਪੁਸ਼ਟੀ ਖੁਦ ਜਪਾਨ ਨੇ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੂ ਆਬੇ ਨੇ ਕਿਹਾ ਕਿ ਹੈ ਕਿ ਉਹ ਲਾਗ ਦੇ ਫੈਲਣ ਨੂੰ ਦੂਰ ਕਰਨ ਅਤੇ ਬਿਨਾ ਕਿਸੇ ਰੁਕਾਵਟ ਤੋਂ ਤੈਅ ਸਮੇਂ ਅਨੁਸਾਰ ਓਲੰਪਿਕਸ ਨੂੰ ਆਯੋਜਿਤ ਕਰਨ ਦੀ ਉਮੀਦ ਕਰਦੇ ਹਨ। ਦਰਅਸਲ ਇਸ ਵਾਰ ਓਲੰਪਿਕਸ ਜਾਪਾਨ ਦੀ ਰਾਜਧਾਨੀ ਟੋਕਿਓ ਵਿਚ ਖੇਡਿਆ ਜਾਣਾ ਹੈ। ਇਹ ਜੁਲਾਈ ਤੋਂ ਸ਼ੁਰੂ ਹੋ ਕੇ ਅਗਸਤ ਤੱਕ ਚੱਲੇਗਾ ਪਰ ਕੋਰੋਨਾ ਵਾਇਰਸ ਕਾਰਨ ਟੋਕਿਓ ਓਲੰਪਿਕਸ ਨੂੰ ਟਾਲਣ ਦੀਆ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਜਿਨ੍ਹਾਂ ਉੱਤੇ ਜਪਾਨ ਦੇ ਪੀਐਮ ਸ਼ਿੰਜੂ ਆਬੇ ਨੇ ਵਿਰਾਮ ਲਗਾ ਦਿੱਤਾ ਹੈ।
ਟਾਲੇ ਗਏ ਆਈਪੀਐਲ ਮੈਚ
ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਬੀਸੀਸੀਆਈ ਨੇ 30 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਆਈਪੀਐਲ ਮੈਚਾਂ ਨੂੰ 15 ਅਪ੍ਰੈਲ ਤੱਕ ਟਾਲਣ ਦਾ ਫ਼ੈਸਲਾ ਕੀਤਾ ਹੈ। ਦਰਅਸਲ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ ਵੀ 15 ਅਪ੍ਰੈਲ ਤੱਕ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਕੀਤਾ ਸੀ ਜਿਸ ਕਰਕੇ ਆਈਪੀਐਲ ਵਿਚ ਵਿਦੇਸ਼ੀ ਖਿਡਾਰੀਆਂ ਦੇ ਖੇਡਣ ਉੱਤੇ ਸ਼ੰਕਾ ਦੇ ਬੱਦਲ ਛਾ ਗਏ ਸਨ ਪਰ ਹੁਣ ਆਈਪੀਐਲ ਹੀ 15 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਵੀ 31 ਮਾਰਚ ਤੱਕ ਆਈਪੀਐਲ ਸਮੇਤ ਰਾਜਧਾਨੀ ਵਿਚ ਕਿਸੇ ਵੀ ਖੇਡ ਇੱਕਠ ਉੱਤੇ ਰੋਕ ਲਗਾ ਦਿੱਤੀ ਹੈ।

