ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਠਿੰਡਾ ਵਿਚ ਅੱਜ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਦਰਅਸਲ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਕਾਰ ਸਵਾਰ ਪੁਲਿਸ ਕਰਮੀ ਨੇ ਰਾਜਿੰਦਰਾ ਕਾਲਜ ਦੇ ਨੇੜੇ ਦੋ ਪਹੀਆਂ ਵਹਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਅਤੇ ਲੜਕੀ ਗੰਭੀਰ ਰੂਪ ਨਾਲ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਆਰੋਪੀ ਪੁਲਿਸਕਰਮੀ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੌਕੇ ਤੇ ਗੱਡੀ ਭਜਾ ਲਈ। ਨਾਲ ਹੀ ਗੱਡੀ ਰੋਕਣ ਵਾਲੇ ਵਿਅਕਤੀ ਨੂੰ ਬੋਨਟ ਉੱਤੇ ਬਿਠਾ ਲਿਆ ਅਤੇ ਦੋ ਕਿਲੋਮੀਟਰ ਹੋਰ ਗੱਡੀ ਦੋੜਾਈ ਪਰ ਅੱਗੇ ਸੜਕ ‘ਤੇ ਲੱਗੇ ਜਾਮ ਕਾਰਨ ਉਸ ਦੀ ਗੱਡੀ ਟ੍ਰੈਫਿਕ ਵਿਚ ਫਸ ਗਈ ਉਦੋਂ ਹੀ ਰਾਹਗੀਰਾਂ ਅਤੇ ਪੁਲਿਸ ਦੀ ਮਦਦ ਨਾਲ ਆਰੋਪੀ ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਗਿਆ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਕਰਮੀ ਨੂੰ ਜਦੋਂ ਫੜਿਆ ਜਾ ਰਿਹਾ ਸੀ ਤਾਂ ਉਹ ਪੁਲਿਸ ਕਰਮਚਾਰੀ ਹੋਣ ਦੀ ਧੋਂਸ ਦਿਖਾ ਰਿਹਾ ਸੀ ਪਰ ਉਸ ਦੀ ਕਿਸੇ ਨੇ ਇਕ ਵੀ ਨਾ ਸੁਣੀ ਅਤੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ। ਉੱਥੇ ਮਰਨ ਵਾਲੀ ਲੜਕੀ ਦਾ ਨਾਮ ਰੋਜੀ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 25 ਤੋਂ 26 ਸਾਲ ਸੀ ਅਤੇ ਬਾਕੀ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜੋ ਕੇ ਜੇਰੇ ਇਲਾਜ ਹਨ। ਉੱਥੇ ਹੀ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਉੱਤੇ ਆਰੋਪੀ ਪੁਲਿਸ ਮੁਲਾਜ਼ਮ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

