ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਆਏ ਦਿਨ ਕੋਰੋਨਾ ਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੱਖਣੀ ਭਾਰਤ ਤੋਂ ਲੈ ਕੇ ਉੱਤਰੀ ਭਾਰਤ ਤੱਕ ਕੋਰੋਨਾ ਵਾਇਰਸ ਦੇ ਹੁਣ ਤੱਕ 48 ਮਾਮਲੇ ਸਾਹਮਣੇ ਆ ਚੁੱਕੇ ਹਨ।
ਜਾਣਕਾਰੀ ਅਨੁਸਾਰ ਹੁਣ ਤੱਕ ਕੇਰਲ, ਦਿੱਲੀ,ਯੂਪੀ, ਪੰਜਾਬ, ਬੈਗਲੁਰੂ ਅਤੇ ਜੰਮੂ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਹੀ ਪੁਣੇ ਦੇ ਵਿਚ ਇਕ ਪਤੀ-ਪਤਨੀ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਦੁਬਈ ਤੋਂ ਭਾਰਤ ਵਾਪਸ ਪਰਤੇ ਸਨ। ਕੋਰੋਨਾ ਵਾਇਰਸ ਨਾਲ ਪੀੜਤ ਸਾਰੇ ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਅਜਿਹੇ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਤੌਰ ਤੇ ਆਈਸੋਲੇਸ਼ਲ ਵਾਰਡ ਤਿਆਰ ਕੀਤੇ ਗਏ ਹਨ ਜੋ ਕਿ ਹਰ ਸਮੇਂ ਡਾਕਟਰਾਂ ਦੀ ਨਿਗਰਾਨੀ ਵਿਚ ਰਹਿੰਦੇ ਹਨ। ਭਾਰਤ ਵਿਚ ਸੱਭ ਤੋਂ ਪਹਿਲਾਂ ਕੇਰਲਾ ‘ਚ ਤਿੰਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਜੋ ਕਿ ਇਲਾਜ ਤੋਂ ਬਾਅਦ ਬਿਲਕੁੱਲ ਠੀਕ ਹੋ ਗਏ ਸਨ ਪਰ ਉਸ ਤੋਂ ਬਾਅਦ ਬੀਤੇ ਕੁੱਝ ਦਿਨਾਂ ‘ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਰਕੇ ਲੋਕਾਂ ਦੇ ਵਿਚ ਵੀ ਖੌਫ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ।
ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਤੋਂ ਬਚਣ ਲਈ ਕੇਵਲ ਸਾਵਧਾਨੀ ਵਰਤਣ ਦੀ ਜਰੂਰਤ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ੱਕੀ ਮਰੀਜ਼ ਦੀ ਉਸੇ ਵੇਲੇ ਪਹਿਚਾਣ ਹੋ ਸਕੇ। ਹਸਪਤਾਲਾਂ ਵਿਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਨਾਲ ਨਜਿੱਠਣ ਵਾਸਤੇ ਵੱਖਰੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਕੋਰੋਨਾ ਵਾਇਰਸ ਦੇ ਖੋਫ ਕਰਕੇ ਹੋਲੀ ਦੇ ਰੰਗ ਵੀ ਫਿੱਕੇ ਪੈ ਗਏ ਹਨ। ਕੋਰੋਨਾ ਦੀ ਮਹਾਮਾਰੀ ਫੈਲਣ ਕਰਕੇ ਲੋਕਾਂ ਨੇ ਇਸ ਵਾਰ ਵੱਡੇ ਪੱਧਰ ਉੱਤੇ ਹੋਲੀ ਮਨਾਉਣ ਤੋਂ ਗੁਰੇਜ ਕੀਤਾ ਹੈ।


