ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਫਰੀਦਕੋਟ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੰਜ ਮਹੀਨਿਆਂ ਦੇ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਪੰਜ ਘੰਟਿਆਂ ਵਿਚ ਲੱਭ ਕੇ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ ਅਤੇ ਮਾਸੂਮ ਨੂੰ ਅਗਵਾ ਕਰਨ ਵਾਲੀ ਆਰੋਪੀ ਨੂੰ ਵੀ ਗਿਰਫਤਾਰ ਕਰ ਲਿਆ ਹੈ।
ਦਰਅਸਲ ਅੱਜ ਸਵੇਰੇ ਫਰੀਦਕੋਟ ਦੇ ਥਾਣਾ ਸਦਰ ਕੋਟਕਪੂਰਾ ਵਿਚ ਪਿੰਡ ਫਿਡੇ ਕਲਾ ਦੇ ਰਹਿਣ ਵਾਲੇ ਅਮਨਦੀਪ ਨਾਮ ਦੇ ਇਕ ਵਿਅਕਤੀ ਨੇ ਇਕ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੰਜ ਮਹੀਨੇ ਦਾ ਮਾਸੂਮ ਬੱਚਾ ਘਰੋਂ ਗਾਇਬ ਹੋ ਗਿਆ ਹੈ। ਅਮਨਦੀਪ ਦਾ ਕਹਿਣਾ ਸੀ ਕਿ ਮਹਾਨੀ ਕੌਰ ਨਾਮ ਦੀ ਲੜਕੀ ਜੋ ਕਿ ਮੋਗਾ ਦਾ ਰਹਿਣ ਵਾਲੀ ਹੈ ਉਹ ਰਾਤੀ ਆਪਣੀ ਇਕ ਸਹੇਲੀ ਦੇ ਨਾਲ ਉਸ ਦੀ ਪਤਨੀ ਨਾਲ ਠਹਿਰੀ ਸੀ ਪਰ ਜਦੋਂ ਸਵੇਰੇ ਉਸ ਦੀ ਪਤਨੀ ਉੱਠੀ ਤਾਂ ਉਸ ਦਾ ਬੱਚਾ ਅਤੇ ਉਹ ਦੋਵੇਂ ਲੜਕੀਆਂ ਉਸ ਦੇ ਘਰੋਂ ਗਾਇਬ ਸਨ। ਅਮਨਦੀਪ ਅਨੁਸਾਰ ਉਸ ਨੇ ਬੱਚੇ ਨੂੰ ਕਾਫੀ ਲੱਭਿਆ ਵੀ ਪਰ ਉਹ ਨਹੀਂ ਮਿਲਿਆ ਅਤੇ ਥੱਕ ਕੇ ਹੁਣ ਪੁਲਿਸ ਸਟੇਸ਼ਨ ਆ ਗਿਆ। ਅਮਨਦੀਪ ਦੀ ਦਾਸਤਾਨ ਸੁਣ ਕੇ ਪੁਲਿਸ ਨੇ ਪੂਰਾ ਮਾਮਲਾ ਦਰਜ ਕੀਤਾ ਅਤੇ ਹਰਕਤ ਵਿਚ ਆ ਗਈ।
ਪੁਲਿਸ ਨੇ ਬੱਚੇ ਨੂੰ ਲੱਭਣ ਅਤੇ ਅਗਵਾਕਾਰਾਂ ਨੂੰ ਗਿਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਮਹਿਜ਼ ਪੰਜ ਘੰਟਿਆਂ ਵਿਚ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਆਰੋਪੀ ਮਹਾਨੀ ਨੂੰ ਉਸ ਦੀ ਸਾਥੀ ਲੜਕੀ ਨਾਲ ਗਿਰਫਤਾਰ ਕਰ ਲਿਆ ਤੇ ਉਨ੍ਹਾਂ ਦੀ ਨਿਸ਼ਾਨ ਦੇਹੀ ਉੱਤੇ ਮੋਗਾ ਤੋਂ ਬੱਚੇ ਨੂੰ ਬਰਾਮਦ ਕਰਕੇ ਸਹੀ ਸਲਾਮਤ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲੜਕੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉੱਥੇ ਹੀ ਬੱਚੇ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਬੱਚੇ ਦੇ ਗਾਇਬ ਹੋਣ ਦੀ ਸੂਚਨਾ ਪਾ ਮੌਕੇ ਤੇ ਘਰ ਪਹੁੰਚਿਆ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ। ਖੈਰ ਮਾਸੂਮ ਬੱਚੇ ਨੂੰ ਵਾਪਸ ਆਪਣੇ ਕੋਲ ਪਾ ਕੇ ਮਾ-ਬਾਪ ਖੁਸ਼ ਹਨ ਅਤੇ ਪੁਲਿਸ ਦਾ ਸ਼ੁਕਰਾਨਾਂ ਕਰਦੇ ਨਹੀਂ ਥੱਕ ਰਹੇ।



