ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਸਵਾਈ ਕੇ ਭੋਖੜੀ ਵਿਚ ਤੇਜ ਹਨੇਰੀ ਅਤੇ ਬਾਰਿਸ਼ ਕਰਕੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇੱਥੇ ਰਾਤ ਕਰੀਬ ਸਾਢੇ ਅੱਠ ਵਜੇ ਆਏ ਤੇਜ ਤੂਫਾਨ ਅਤੇ ਮੀਂਹ ਨੇ ਖੇਤਾਂ ਵਿਚ ਮੌਜੂਦ ਇਕ ਘਰ ਨੂੰ ਢਹਿ ਢੇਰੀ ਕਰ ਦਿੱਤਾ।
ਹਨੇਰੀ ਝੱਖੜ ਇੰਨਾ ਤੇਜ ਸੀ ਕਿ ਉਹ ਆਪਣੇ ਨਾਲ ਘਰ ਦੀਆਂ ਛੱਤਾਂ ਨੂੰ ਹੀ ਉਡਾ ਲੈ ਗਿਆ ਜਿਸ ਕਰਕੇ ਘਰ ਦੀ ਰਸੋਈ ,ਬਰਾਂਡਾ ਅਤੇ ਬਾਥਰੂਮ ਤੋਂ ਇਲਾਵਾ ਮੇਨ ਗੇਟ ਸੱਭ ਮਲਬੇ ਵਿਚ ਤਬਦੀਲ ਹੋ ਗਏ। ਇੰਨਾ ਹੀ ਨਹੀਂ ਇਸ ਤੂਫਾਨ ਕਰਕੇ ਲੋਹੇ ਦੇ ਬਣੇ ਸ਼ੈੱਡ ਹੇਠਾਂ ਪਸ਼ੂ ਵੀ ਦਬ ਗਏ ਜਿਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਜਦੋਂ ਇਹ ਪੂਰਾ ਹਾਦਸਾ ਵਾਪਰਿਆਂ ਤਾਂ ਘਰ ਵਿਚ ਮੌਜੂਦ ਪਰਿਵਾਰ ਖਾਣਾ ਖਾ ਕੇ ਗੱਲਾਂ ਬਾਤਾਂ ਕਰ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਝੱਖੜ ਤੂਫ਼ਾਨ ਕਾਰਨ ਪੂਰਾ ਘਰ ਤਹਿਸ-ਨਹਿਸ ਹੋ ਗਿਆ ਹੈ ਅਤੇ ਪਰਿਵਾਰ ਉੱਤੇ ਮੁਸਿਬਤਾਂ ਦਾ ਪਹਾੜ ਟੁੱਟ ਗਿਆ ਹੈ। ਆਰਥਿਕ ਪੱਖੋਂ ਕਮਜ਼ੋਰ ਇਹ ਪਰਿਵਾਰ ਹੁਣ ਪੱਲੇ ਅੱਡ ਕੇ ਸਰਕਾਰ ਕੋਲੋਂ ਹੀ ਮੁਆਵਜੇ ਦੀ ਮੰਗ ਕਰ ਰਿਹਾ ਹੈ ਤਾਂ ਜੋ ਮੁੜ ਉਨ੍ਹਾਂ ਨੂੰ ਸਿਰ ਉੱਤੇ ਛੱਤ ਨਸੀਬ ਹੋ ਸਕੇ।
ਦੱਸ ਦਈਏ ਕਿ ਪੂਰੇ ਉੱਤਰ ਭਾਰਤ ਵਿਚ ਪਿਛਲੇ ਦੋ ਦਿਨਾਂ ਤੋਂ ਮੌਸਮ ਨੇ ਕਰਵਟ ਲਈ ਹੋਈ ਹੈ। ਤੇਜ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਦੀ ਸਰਕਾਰ ਕੀ ਮਦਦ ਕਰਦੀ ਹੈ।



