ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਲਗਭਗ ਇਕ ਦਹਾਕੇ ਤੋਂ ਬਾਅਦ ਅੱਠਵੀ ਦੀ ਸਲਾਨਾ ਬੋਰਡ ਪ੍ਰੀਖਿਆ ਸ਼ੁਰੂ ਹੋਈ ਹੈ ਪਰ ਇਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿਚ ਹੀ ਦਰਜਨਾਂ ਗਲਤੀਆਂ ਦੀ ਭਰਮਾਰ ਵੇਖਣ ਨੂੰ ਮਿਲੀ ਹੈ ਜਿਸ ਉੱਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਜਾਂਚ ਕਰਨ ਦੀ ਗੱਲ ਕਹਿ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਉੱਤੇ ਪੰਡਿਤ ਰਾਓ ਧਰੇਨਵਰ ਨੇ ਵੀ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਦਰਅਸਲ ਬੀਤੇ ਮੰਗਲਵਾਰ ਨੂੰ ਅੱਠਵੀ ਜਮਾਤ ਦੀ ਪੰਜਾਬੀ ਦੀ ਪਹਿਲੀ ਪ੍ਰੀਖਿਆ ਸੀ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਦਿੱਤੇ ਪ੍ਰਸ਼ਨ ਪੱਤਰ ਵਿਚ ਬਹੁਤ ਸਾਰੇ ਸ਼ਬਦ ਗਲਤ ਅਤੇ ਹਿੰਦੀ ਵਿਚ ਲਿਖੇ ਹੋਏ ਵੇਖਣ ਨੂੰ ਮਿਲੇ ਹਨ ਜਦਕਿ ਕਈ ਪ੍ਰਸ਼ਨਾਂ ਵਿਚ ਕਿਧਰੇ ਬਿੰਦੀ, ਟਿੱਪੀ, ਅੱਧਕ ਅਤੇ ਦੂਲੈਂਕੜ ਵਰਗੀਆਂ ਗਲਤੀਆਂ ਦੀ ਵੱਡੀ ਲਾਈਨ ਲੱਗੀ ਹੋਈ ਸੀ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਉੱਤੇ ਸਵਾਲ ਖੜ੍ਹੇ ਹੋਣ ਲੱਗ ਪਏ ਹਨ।
ਇਸ ਪੂਰੇ ਮਾਮਲੇ ਉੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਜਨਰਲ ਮਹੁੰਮਦ ਤਇਅਬ ਨੇ ਸਫ਼ਾਈ ਦਿੰਦਿਆ ਕਿਹਾ ਹੈ ਕਿ ਅੱਠਵੀ ਜਮਾਤ ਦੇ ਪੰਜਾਬੀ ਦੇ ਪ੍ਰਸ਼ਨ ਪੱਤਰ ਵਿਚ ਹੋਈਆਂ ਗਲਤੀਆਂ ਨੂੰ ਲੈ ਕੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਇਸ ਲਈ ਵੀ ਧਿਆਨ ਰੱਖਿਆ ਜਾਵੇਗਾ।
ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਅਤੇ ਪੰਜਾਬੀ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਮੁੱਖ ਮੰਤਰੀ ਪੰਜਾਬ, ਸਰਕਾਰ ਦੇ ਸਿੱਖਿਆ ਸਕੱਤਰ ਅਤੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖ ਕੇ ਇਨ੍ਹਾਂ ਗਲਤੀਆਂ ਲਈ ਜਿੰਮੇਵਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੀਖਿਆ ਪੱਤਰ ਵਿਚ ਹੀ ਅਜਿਹੀਆਂ ਗਲਤੀਆਂ ਹੋਣਗੀਆਂ ਤਾਂ ਵਿਦਿਆਰਥੀ ਉੱਤਰ ਸਹੀਂ ਕਿਵੇਂ ਲਿਖੇਗਾ।
ਵੱਡੀ ਗੱਲ ਇਹੀ ਹੈ ਕਿ ਜੇਕਰ ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਨਹੀਂ ਲਿਖਿਆ ਜਾਂਦਾ ਤਾਂ ਬਾਕੀ ਸੂਬਿਆਂ ਵਿਚ ਸਹੀ ਪੰਜਾਬੀ ਲਿਖਣ ਦੇ ਲਈ ਕੀ ਆਸ਼ਾ ਕੀਤੀ ਜਾ ਸਕਦੀ ਹੈ।ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਨ ਪੱਤਰਾਂ ਦੀ ਗੁਪੱਤਤਾ ਬਣਾਈ ਰੱਖਮ ਦੇ ਲਈ ਇਨ੍ਹਾਂ ਦੀ ਪ੍ਰਿੰਟਿੰਗ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਹੁੰਦੀ ਹੈ ਅਤੇ ਉੱਥੇ ਪ੍ਰਿੰਟਿਗ ਪ੍ਰੈਸ ਵਿਚ ਪੰਜਾਬੀ ਭਾਸ਼ਾ ਦੇ ਮਾਹਰਾਂ ਦੀ ਕਮੀ ਕਰਕੇ ਅਜਿਹੀ ਗਲਤੀਆਂ ਲਗਭਗ ਹਰ ਸਾਲ ਵੇਖਣ ਨੂੰ ਮਿਲਦੀਆਂ ਹਨ।
