ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਬੁੱਧਵਾਰ ਨੂੰ ਨਿਰਭਿਆ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਪਵਨ ਗੁਪਤਾ ਦੀ ਦਇਆ ਪਟੀਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ਼ ਕਰ ਦਿੱਤੀ ਹੈ ਜਿਸ ਤੋਂ ਬਾਅਦ ਫਾਂਸੀ ਤੋਂ ਬਚਣ ਲਈ ਪਵਨ ਸਮੇਤ ਸਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਗਏ ਹਨ।
ਦਰਅਸਲ ਬੀਤੀ 3 ਮਾਰਚ ਨੂੰ ਨਿਰਭਿਆ ਦੇ ਸਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਦੋਸ਼ੀ ਪਵਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਫਾਂਸੀ ਤੋਂ ਬੱਚਣ ਲਈ ਦਇਆ ਪਟੀਸ਼ਨ ਦਾਖਲ ਕਰ ਦਿੱਤੀ ਸੀ ਜਿਸ ਕਰਕੇ ਐਨ ਮੌਕੇ ਉੱਤੇ ਟ੍ਰਾਇਲ ਕੋਰਟ ਨੇ ਸਾਰੇ ਦੋਸ਼ੀਆਂ ਦੀ ਫਾਂਸੀ ਨੂੰ ਤੀਜੀ ਵਾਰ ਟਾਲ ਦਿੱਤੀ ਸੀ ਪਰ ਹੁਣ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋਸ਼ੀ ਪਵਨ ਦੀ ਦਇਆ ਪਟੀਸ਼ਨ ਨੂੰ ਵੀ ਖਾਰਜ਼ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕਿਸੇ ਵੀ ਦੋਸ਼ੀ ਕੋਲ ਫਾਂਸੀ ਤੋਂ ਬਚਣ ਲਈ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ ਕਿਉਂਕਿ ਬਾਕੀ ਦੇ ਤਿੰਨ ਦੋਸ਼ੀਆਂ ਦੀ ਦਇਆ ਪਟੀਸ਼ਨ ਰਾਸ਼ਟਰਪਤੀ ਵੱਲੋਂ ਪਹਿਲਾਂ ਹੀ ਖਾਰਜ਼ ਕੀਤੀ ਜਾ ਚੁੱਕੀ ਹੈ।
ਉੱਥੇ ਹੀ ਤੀਜੀ ਵਾਰ ਦੋਸ਼ੀਆਂ ਦੀ ਫਾਂਸੀ ਟਲਣ ਤੋਂ ਬਾਅਦ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਸ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਇਸ ਨੂੰ ਸਿਸਟਮ ਦੀ ਨਾਕਾਮੀ ਕਰਾਰ ਦੇ ਦਿੱਤਾ ਸੀ। ਖੈਰ ਹੁਣ ਵੇਖਣਾ ਹੋਵੇਗਾ ਕਿ ਨਿਰਭਿਆ ਦੇ ਚਾਰੇ ਦੋਸ਼ੀ ਕਦੋਂ ਫਾਂਸੀ ਦੇ ਫੰਦੇ ਉੱਤੇ ਲਟਕਾਏ ਜਾਂਦੇ ਹਨ।
ਕੀ ਹੈ ਪੂਰਾ ਮਾਮਲਾ
ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾ ਬੱਸ ਵਿਚ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਨੂੰ ‘ਤੇ ਉਸ ਦੀ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।


