ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਦੇ ਮੋਹਿੰਦਰ ਗੰਜ ਬਾਜਾਰ ‘ਚ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਅਨੇਜਾ ਐਂਟਰਪ੍ਰਾਈਜਜ ਨਾਮ ਦੇ ਦੁਕਾਨਦਾਰ ਵਲੋਂ ਰੇਲਵੇ ਦੀ ਜਾਅਲੀ ਟਿਕਟਾਂ ਬਣਾ ਕੇ ਵੇਚਣ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ। ਦੱਸ ਦਈਏ ਇਹ ਦੁਕਾਨਦਾਰ ਰੇਲਵੇ ਦੀ ਟਿਕਟ ਸਾਇਟ ‘ਤੇ ਜਾਅਲੀ ਆਈਡੀ ਬਣਾ ਕੇ ਰੇਲ ਵਿਭਾਗ ਨੂੰ ਚੂਨਾ ਲਾ ਰਿਹਾ ਸੀ।
ਬੀਤੀ ਮੰਗਲਵਾਰ ਦੀ ਸ਼ਾਮ ਨੂੰ ਰੇਲਵੇ ਪੁਲਿਸ ਫੋਰਸ, ਰਾਜਪੁਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ, ਮੋਹਿੰਦਰ ਗੰਜ ਧਰਮਸ਼ਾਲਾ ਦੇ ਕੋਲ ਅਨੇਜਾ ਐਂਟਰਪ੍ਰਾਈਜਜ ਦੀ ਦੁਕਾਨ ‘ਤੇ ਜਾਅਲੀ ਆਈਡੀ ਬਣਾ ਕੇ ਵੱਧ ਦਾਮ ‘ਚ ਰੇਲਵੇ ਦੀ ਟਿਕਟਾਂ ਵੇਚੀ ਜਾ ਰਹੀ ਹੈ, ਜਿਸ ਖਿਲਾਫ਼ ਮਿਲੀ ਇਨਪੁਟ ਦੇ ਆਧਾਰ ‘ਤੇ ਰੇਲਵੇ ਪੁਲਿਸ ਵਲੋਂ ਕਾਰਵਾਈ ਉਲੀਕੀ ਗਈ ਅਤੇ ਬਲੈਕੀਏ ਨੂੰ 22 ਹਾਜਰ ਦੀਆਂ ਜਾਅਲੀ ਰੇਲ ਦੀਆਂ ਈ ਟਿਕਟਾਂ ਸਣੇ ਕਾਬੂ ਕੀਤਾ। ਦੋਸ਼ੀ ਦੀ ਪਛਾਣ ਹਰਵਿੰਦਰ ਕੁਮਾਰ ਵਜੋਂ ਹੋਈ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਫੋਰਸ ਦੇ ਏਐੱਸਆਈ ਰੇਸ਼ਮ ਪਾਲ ਸਿੰਘ ਨੇ ਦੱਸਿਆ ਕਿ, ਹਰਵਿੰਦਰ ਕੁਮਾਰ ਵਾਸੀ ਰਾਜਪੁਰਾ 3 ਮਾਰਚ 2018 ਤੋਂ ਰੇਲ ਦੀ ਸਾਈਟ ‘ਤੇ ਨਕਲੀ ਆਈਡੀ ਦੀ ਵਰਤੋ ਕਰਕੇ ਰੇਲ ਦੀਆਂ ਰਿਜਰਵੇਸ਼ਨ ਟਿਕਟਾਂ ਵੇਚਣ ਦਾ ਕਾਰੋਬਾਰ ਕਰ ਰਿਹਾ ਸੀ, ਜਿਸ ਖਿਲਾਫ਼ ਧਾਰਾ 145 ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਦੋਸ਼ੀ ਨੂੰ ਸੀਜੇਐਮ ਕੋਰਟ ਪਟਿਆਲਾ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਦੀ ਸੁਣਵਾਈ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।


