ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਜਲੰਧਰ ਦੇ ਵਿਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ ਮਚ ਗਿਆ ਜਿਸ ਉੱਤੇ ਕਾਬੂ ਪਾਉਣ ਦੇ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਪੂਰੀ ਘਟਨਾ ਵਿਚ ਦੋ ਪੁਲਿਸ ਕਰਮਚਾਰੀ ਜਖਮੀ ਹੋ ਗਏ ਅਤੇ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਹੈ।
ਦਰਅਸਲ ਪਿੰਡ ਰਾਏਪੁਰ ਫਰਾਲਾ ਵਿਚ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਸੀ ਅਤੇ ਸੋਮਵਾਰ ਰਾਤ ਪੰਜਾਬ ਦੇ ਨਾਮੀ ਸਿੰਗਰ ਬੱਬੂ ਮਾਨ ਨੂੰ ਅਖਾੜਾ ਲਾਉਣ ਲਈ ਬੁਲਾਇਆ ਹੋਇਆ ਸੀ। ਜਾਣਕਾਰੀ ਅਨੁਸਾਰ ਜਦੋਂ ਬੱਬੂ ਮਾਨ ਦਾ ਸ਼ੋਅ ਚੱਲ ਰਿਹਾ ਸੀ ਇਸੇ ਦੌਰਾਨ ਉੱਥੇ ਮੌਜੂਦ ਕੁੱਝ-ਕੁ ਲੋਕਾਂ ਵੱਲੋਂ ਹੁਲੜਬਾਜੀ ਕਰ ਬੈਰੀਕੇਟ ਤੋੜ ਕੇ ਸਟੇਜ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਣਾ ਚਾਹਿਆਂ ਤਾਂ ਇਨ੍ਹਾਂ ਨੇ ਉੱਲਟ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ ਅਤੇ ਇਕ ਏਐਸਆਈ ਨਰਿੰਦਰ ਮੋਹਨ ਦੀ ਵਰਦੀ ਫਾੜ ਦਿੱਤੀ ਗਈ ਜਿਸ ਤੋਂ ਬਾਅਦ ਭੀੜ ਉੱਤੇ ਕਾਬੂ ਪਾਉਣ ਲਈ ਪੁਲਿਸ ਨੇ ਜਮ ਕੇ ਲਾਠੀਚਾਰਜ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਸ਼ੋਅ ਦੌਰਾਨ ਪੁਲਿਸ ਉੱਤੇ ਹਮਲਾ ਕਰਨ ਵਾਲਿਆਂ ਦੇ ਆਰੋਪ ਵਿਚ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜੋ ਕਿ ਪਿੰਡ ਖਜੂਰਲਾ ਦਾ ਰਹਿਣ ਵਾਲਾ ਹੈ। ਉਸ ਉੱਤੇ ਆਈਪੀਸੀ ਦੀ ਧਾਰਾ 353, 186, 323 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਆਰੋਪੀਆਂ ਦੀ ਤਾਲਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਗੁਰਵਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
