ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਚੀਨ ਵਿਚ ਹੁਣ ਤੱਕ ਇਸ ਵਾਇਰਸ ਕਾਰਨ 2800 ਤੋਂ ਜਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜਦਕਿ 79 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਇਸ ਸੱਭ ਵਿਚਾਲੇ ਕੋਰੋਨਾ ਵਾਇਰਸ ਕਰਕੇ ਚੀਨ ਨੂੰ ਇਕ ਫਾਇਦਾ ਜਰੂਰ ਹੋ ਗਿਆ ਹੈ। ਦਰਅਸਲ ਚੀਨ ਵਿਚ ਪਹਿਲਾਂ ਦੇ ਮੁਕਾਬਲੇ ਪ੍ਰਦੂਸ਼ਣ ਦਾ ਪੱਧਰ ਬਹੁਤ ਘੱਟ ਗਿਆ ਹੈ।
ਦਰਅਸਲ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਦਿਖਾਇਆ ਗਿਆ ਹੈ ਕਿ ਚੀਨ ਵਿਚ ਪ੍ਰਦੂਸ਼ਣ ਦਾ ਪੱਧਰ ਅੱਗੇ ਨਾਲੋਂ ਬਹੁਤ ਘੱਟ ਗਿਆ ਹੈ ਜਿਸ ਦਾ ਕਾਰਨ ਕੋਰੋਨਾ ਵਾਇਰਸ ਨੂੰ ਦੱਸਿਆ ਗਿਆ ਹੈ। ਦਰਅਸਲ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਫੈਕਟਰੀਆਂ ਬੰਦ ਪਈਆਂ ਹਨ। ਧੰਦੇ ਬੰਦ ਹੋ ਚੁੱਕੇ ਹਨ ਸੜਕਾਂ ਉੱਤੇ ਅਵਾਜਾਈ ਘੱਟ ਗਈ ਹੈ ਜਿਸ ਕਰਕੇ ਪ੍ਰਦੂਸ਼ਣ ਵਿਚ ਬਹੁਤ ਕਮੀ ਹੋ ਰਹੀ ਹੈ। ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਤਾਂ ਲੋਕ ਘਰੋਂ ਵੀ ਨਿਕਲ ਤੋਂ ਡਰ ਰਹੇ ਹਨ। ਇਕ ਪਾਸੇ ਜਿੱਥੇ ਚੀਨ ਵਿਚ ਕੋਰੋਨਾ ਵਾਇਰਸ ਕਰਕੇ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਤਾਂ ਦੂਜੇ ਪਾਸੇ ਉਸ ਦੀ ਅਰਥਵਿਵਸਥਾ ਨੂੰ ਵੀ ਤਕੜਾ ਝਟਕਾ ਲੱਗਿਆ ਹੈ।
ਮੀਡੀਆ ਰਿਪੋਰਟਾ ਅਨੁਸਾਰ ਚੀਨ ਵਿਚ ਬੀਤੇ ਸ਼ਨਿੱਚਰਵਾਰ ਨੂੰ 35 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਤੋਂ ਹੱਥ ਧੋਏ ਹਨ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2870 ਹੋ ਚੁੱਕੀ ਹੈ ਉੱਥੇ ਹੀ 573 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਜਿਸ ਕਰਕੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 79,823 ਹੋ ਚੁੱਕੀ ਹੈ।
ਚੀਨ ਦੇ ਹੁਬੇਈ ਪ੍ਰਾਤ ਦਾ ਵੁਹਾਨ ਸ਼ਹਿਰ ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ। ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਮੌਤਾ ਇੱਥੇ ਹੀ ਹੋਈਆਂ ਹਨ। ਜਿਸ ਕਰਕੇ ਲੋਕ ਇਸ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਪਲਾਇਨ ਕਰ ਚੁੱਕੇ ਹਨ। ਵੁਹਾਨ ਦੀਆਂ ਯੂਨੀਵਰਸਿਟੀਆਂ ਅਤੇ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੋਇਆ ਹੈ ਅਤੇ ਸ਼ਹਿਰ ਵਿਚ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਯਾਦ ਰਹੇ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਇਸੇ ਸ਼ਹਿਰ ਤੋਂ ਹੀ ਹੋਈ ਸੀ।



