ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਫੈਲੀ ਹਿੰਸਾ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕਰਦਿਆ ਹੋਇਆ ਕਿਹਾ ਕਿ ਸੀਏਏ ਨਾਲ ਕਿਸੇ ਵੀ ਮੁਸਲਮਾਨ ਜਾ ਹੋਰ ਘੱਟਗਿਣਤੀ ਦੀ ਨਾਗਰਿਕਤਾ ਨਹੀਂ ਜਾਵੇਗੀ ਅਤੇ ਇਹ ਨਾਗਰਿਕਤਾ ਖੋਹਣ ਵਾਲਾ ਨਹੀਂ ਬਲਕਿ ਨਾਗਰਿਕਤਾ ਦੇਣ ਵਾਲਾ ਕਾਨੂੰਨ ਹੈ।
ਅੱਜ ਸ਼ੁੱਕਰਵਾਰ ਨੂੰ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਕਾਂਗਰਸ, ਮਮਤਾ ਦੀਦੀ, ਬਹੁਜਨ ਸਮਾਜਵਾਦੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਲੋਕ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਹਿ ਰਹੇ ਹਨ ਕਿ ਇਸ ਨਾਲ ਘੱਟਗਿਣਤੀਆਂ ਦੇ ਧਰਮਾਂ ਵਾਲੇ ਲੋਕਾਂ ਦੇ ਨਾਗਰਿਕ ਅਧਿਕਾਰ ਚੱਲੇ ਜਾਣਗੇ ਜੋ ਕਿ ਬਿਲਕੁਲ ਹੀ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਨੂੰਨ ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟਗਿਣਤੀਆਂ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਜਿਨ੍ਹਾਂ ਦਾ ਇਨ੍ਹਾਂ ਦੇਸ਼ਾਂ ਵਿਚ ਧਰਮ ਦੇ ਨਾਮ ਉੱਤੇ ਅਤਿਆਚਾਰ ਹੋ ਰਿਹਾ ਹੈ ਅਤੇ ਧਰਮ ਪਰਿਵਰਤਨ ਕਰਵਾਏ ਜਾ ਰਹੇ ਹਨ।
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ਵਿਚ ਤਾਂ ਸੀਏਏ ਦੇ ਵਿਰੋਧ ਅਤੇ ਸਮੱਰਥਨ ਵਿਚ ਪ੍ਰਦਰਸ਼ਨ ਕਰ ਰਹੇ ਗੁੱਟਾਂ ਵਿਚ ਆਪਸੀ ਝੜਪ ਹੋ ਗਈ ਜਿਸ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ। ਇਸ ਹਿੰਸਾ ਵਿਚ ਹੁਣ ਤੱਕ 42 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 270 ਤੋਂ ਜਿਆਦਾ ਲੋਕ ਜਖਮੀ ਹੋ ਗਏ ਹਨ ਜਿਨ੍ਹਾਂ ਦਾ ਹਸਪਤਾਲ ਦੇ ਵਿਚ ਇਲਾਜ ਕੀਤਾ ਜਾ ਰਿਹਾ ਹੈ। ਹਿੰਸਾ ਵਿਚ ਲੋਕਾਂ ਦੇ ਵਾਹਨ, ਘਰ ਅਤੇ ਦੁਕਾਨਾਂ ਸਾੜ ਕੇ ਰਾਖ ਕਰ ਦਿੱਤੀਆਂ ਹਨ। ਖੈਰ ਹੁਣ ਵੱਡੀ ਗਿਣਤੀ ਵਿਚ ਸੁੱਰਖਿਆ ਬਲਾ ਦੀ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤੀ ਕਰ ਦਿੱਤੀ ਗਈ ਹੈ।


