ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਪਰ ਸਦਨ ਦੀ ਕਾਰਵਾਈ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਨੇ ਡੀਜੀਪੀ ਦਿਨਕਰ ਗੁਪਤਾ ਦੁਆਰਾ ਦਿੱਤੇ ਵਿਵਾਦਤ ਬਿਆਨ ਅਤੇ ਕੈਬਨਿਟ ਮੰਤਰੀ ਆਸ਼ੂਤੋਸ਼ ਭੂਸ਼ਣ ਉੱਤੇ ਸਾਬਕਾ ਡੀਐਸਪੀ ਦੁਆਰਾ ਲਗਾਏ ਆਰੋਪਾ ਉੱਤੇ ਪ੍ਰਦਰਸ਼ਨ ਕੀਤਾ ਹੈ ਅਤੇ ਸੀਐਮ ਕੈਪਟਨ ਨੂੰ ਜਵਾਬ ਦੇਣ ਲਈ ਕਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਆਗੂ ਬਿਕਰਮਜੀਤ ਮਜੀਠਿਆ ਸਮੇਤ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਹੱਥਾਂ ਵਿਚ ਤਖਤੀਆਂ ਫੜ ਕੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਉੱਤੇ ਰੋਸ ਮੁਜ਼ਹਾਰਾ ਕੀਤਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਚਾਹੇ ਡੀਜੀਪੀ ਨੇ ਇਸ ਬਿਆਨ ਉੱਤੇ ਮੁਆਫੀ ਮੰਗ ਲਈ ਹੈ ਪਰ ਉਨ੍ਹਾਂ ਦੇ ਬਿਆਨ ਪਿੱਛੇ ਕਾਂਗਰਸ ਦੀ ਮਾਨਸਿਕਤਾ ਸਾਹਮਣੇ ਆਈ ਹੈ। ਉਨ੍ਹਾਂ ਆਰੋਪ ਲਗਾਇਆ ਕਿ ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਲੈ ਕੇ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਹੁਣ ਸੋਨੀਆ ਗਾਂਧੀ ਨੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ ਹਨ। ਬਿਕਰਮਜੀਤ ਮਜੀਠਿਆ ਨੇ ਸਾਬਕਾ ਡੀਐਸੀ ਵੱਲੋਂ ਕੈਬਨਿਟ ਮੰਤਰੀ ਆਸ਼ੂਤੋਸ਼ ਭੂਸ਼ਣ ਉੱਤੇ ਲਗਾਏ ਆਰੋਪਾ ‘ਤੇ ਕਾਂਗਰਸ ਨੂੰ ਘੇਰਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸਦਨ ਤੋਂ ਬਾਹਰ ਹੱਥਾਂ ਵਿਚ ਤਖਤੀਆਂ ਅਤੇ ਪੋਸਟਰ ਫੜ ਕੇ ਡੀਜੀਪੀ ਦੇ ਦਿੱਤੇ ਵਿਵਾਦਤ ਬਿਆਨ ਉੱਤੇ ਨਾਅਰੇਬਾਜ਼ੀ ਕੀਤੀ ਅਤੇ ਕਾਂਗਰਸ ਸਰਕਾਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ 2 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਪਰ ਡੀਜੀਪੀ ਦੁਆਰਾ ਦਿੱਤਾ ਵਿਵਾਦਤ ਬਿਆਨ ਸਦਨ ਵਿਚ ਵੀ ਹੰਗਾਮੇ ਦਾ ਕਾਰਨ ਬਣ ਸਕਦਾ ਹੈ।


