ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਉੱਤੇ ਦਿੱਤੇ ਵਿਵਾਦਤ ਬਿਆਨ ਉੱਤੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਜਿੱਥੇ ਇਕ ਪਾਸੇ ਇਸ ਬਿਆਨ ਦੀ ਸਿੱਖ ਪੰਥ ਦੇ ਆਗੂਆਂ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਰਾਜਨੀਤਿਕ ਧੀਰਾਂ ਦੁਆਰਾ ਵੀ ਉਨ੍ਹਾਂ ਅਤੇ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅਤੇ ਇਸੇ ਕੜੀ ਅੰਦਰ ਅੱਜ ਫਰੀਦੋਕਟ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਡੀਜੀਪੀ ਦਿਨਕਰ ਗੁਪਤਾ ਦਾ ਪੁਤਲਾ ਫੁਕਿਆ ਹੈ।
ਦਰਅਸਲ ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸਵੇਰੇ ਕਰਤਾਰਪੁਰ ਸਾਹਿਬ ਜਾਣ ਵਾਲਾ ਵਿਅਕਤੀ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆਉਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀ ਉੱਥੇ ਛੇ ਘੰਟੇ ਰਹਿੰਦੇ ਹੋ ਤੁਹਾਨੂੰ ਉੱਥੇ ਫਾਇਰਿੰਗ ਰੇਜ ਤੱਕ ਲਿਜਾਇਆ ਜਾ ਸਕਦਾ ਹੈ ਅਤੇ ਆਈਡੀ ਤੱਕ ਬਨਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਉੱਤੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਬਿਆਨ ਦੀ ਹਰ ਸਖਸ਼ੀਅਤ ਨੇ ਨਿਖੇਧੀ ਕੀਤੀ ਹੈ ਅਤੇ ਅੱਜ ਸੋਮਵਾਰ ਨੂੰ ਫਰੀਦਕੋਟ ਵਿਖੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਡੀਜੀਪੀ ਦਿਨਕਰ ਗੁਪਤਾ, ਸੀਐਮ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦਾ ਪੁਤਲਾ ਫੁਕਿਆ ਗਿਆ ਹੈ। ਇਸ ਮੌਕੇ ਯੂਥ ਅਕਾਲੀ ਦਲ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਕੰਵਲ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਤ ਬਿਆਨ ਨੂੰ ਮਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ 70 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਕਰਤਾਰਪੁਰ ਲਾਂਘਾ ਖੁਲ੍ਹਿਆ ਹੈ ਅਤੇ 50 ਹਜ਼ਾਰ ਤੋਂ ਵੱਧ ਸੰਗਤ ਉੱਥੇ ਦਰਸ਼ਨ ਕਰਨ ਲਈ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਦਾ ਸ਼ਰਧਾਲੂਆਂ ਪ੍ਰਤੀ ਵਿਵਾਦਤ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਹਾਲਾਂਕਿ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਵਿਵਾਦਤ ਬਿਆਨ ਉੱਤੇ ਖੇਦ ਜਤਾਇਆ ਹੈ। ਉਨ੍ਹਾਂ ਨੇ ਬੀਤੇ ਐਤਵਾਰ ਟਵੀਟ ਕਰਦਿਆ ਕਿਹਾ ਹੈ ਕਿ ਜੇਕਰ ਮੇਰੇ ਕੋਲੋਂ ਅਣਜਾਣੇ ਵਿਚ ਕੀਤੀ ਗਈ ਟਿੱਪਣੀ ਕਾਰਨ ਸੂਬੇ ਦੇ ਲੋਕਾਂ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਮੈ ਆਪਣਾ ਦਿਲੋਂ ਅਫਸੋਸ ਜ਼ਾਹਰ ਕਰਦਾ ਹਾਂ ਕਿਉਂਕਿ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ।


