ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭੀਮ ਆਰਮੀ ਦੇ ਮੁੱਖੀ ਚੰਦਰਸ਼ੇਖਰ ਅਜਾਦ ਨੇ ਪ੍ਰਮੋਸ਼ਨ ਵਿਚ ਰਾਖਵੇਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੁਆਰਾ ਦਿੱਤੇ ਫੈਸਲੇ ਵਿਰੁੱਧ ਅੱਜ ਐਤਵਾਰ ਨੂੰ ਭਾਰਤ ਬੰਦ ਬੁਲਾਇਆ ਹੋਇਆ ਹੈ ਜਿਸ ਦਾ ਅਸਰ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਲਈ ਪੂਰੇ ਸੂਬੇ ਵਿਚ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਵਿਚ ਭੀਮ ਆਰਮੀ ਦੁਆਰਾ ਬੁਲਾਏ ਗਏ ਭਾਰਤ ਬੰਦ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸ਼ਹਿਰ ਵਿਚ ਜਿਆਦਾਤਰ ਦੁਕਾਨਾਂ ਬੰਦ ਪਈਆਂ ਹਨ ਅਤੇ ਚੱਪ-ਚੱਪੇ ਉੱਤੇ ਪੁਲਿਸ ਤਾਇਨਾਤ ਹੈ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ ਪਠਾਨਕੋਟ ਵਿਚ ਵੀ ਬੰਦ ਦੀ ਕਾਲ ਨੂੰ ਮਿਲਿਆ-ਜੁਲਿਆ ਹੁੰਗਾਰਾ ਵੇਖਣ ਨੂੰ ਮਿਲਿਆ ਹੈ। ਇੱਥੇ ਭੀਮ ਆਰਮੀ ਨੂੰ ਬਾਬਾ ਭੀਮ ਰਾਓ ਅੰਬੇਡਕਰ ਸੈਨਾ ਨੇ ਵੀ ਆਪਣਾ ਸਮੱਰਥਨ ਦਿੱਤਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਦਲਿਤਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ ਜਿਸ ਦੇ ਲਈ ਇਹ ਭਾਰਤ ਬੰਦ ਬੁਲਾਇਆ ਗਿਆ ਹੈ। ਪਠਾਨਕੋਟ ਵਿਚ ਭਾਰਤ ਬੰਦ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ।
ਭਾਰਤ ਬੰਦ ਦੇ ਅਸਰ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾ ਬਿਹਾਰ ਦੇ ਦਰਬੰਗਾ ਵਿਚ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਸੜਕਾਂ ਉੱਤੇ ਉਤਰੇ ਹਨ ਅਤੇ ਰੇਲਵੇ ਟ੍ਰੈਕ ਜਾਮ ਕਰ ਦਿੱਤੇ ਗਏ ਹਨ ਜਿਸ ਕਰਕੇ ਰੇਲਵੇ ਦੀ ਅਵਾਜਾਈ ਉੱਤੇ ਇਸ ਦਾ ਅਸਰ ਪਿਆ ਹੈ ਨਤੀਜੇ ਵਜੋਂ ਕਈ ਟਰੇਨਾਂ ਲੇਟ ਹੋ ਗਈਆਂ ਹਨ ਅਤੇ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ।
ਦਰਅਸਲ ਸੁਪਰੀਮ ਕੋਰਟ ਨੇ ਨੌਕਰੀਆਂ ਵਿਚ ਤਰੱਕੀ ਲਈ ਰਾਖਵੇਕਰਨ ਉੱਤੇ ਆਪਣਾ ਇਕ ਫੈਸਲਾ ਸੁਣਾਉਂਦਿਆ ਕਿਹਾ ਸੀ ਕਿ ਸੂਬਾ ਨੌਕਰੀਆਂ ਵਿਚ ਤਰੱਕੀ ਲਈ ਰਾਖਵਾਕਰਨ ਦੇਣ ਲਈ ਪਾਬੰਦ ਨਹੀਂ ਹਨ ਕਿਉਂਕਿ ਇਹ ਕਿਸੇ ਦਾ ਮੌਲਿਕ ਅਧਿਕਾਰ ਨਹੀਂ ਹੈ ਕਿ ਉਹ ਪ੍ਰੋਮਸ਼ਨ ਵਿਚ ਰਾਖਵਾਕਰਨ ਦਾ ਦਾਅਵਾ ਕਰੇ।



