ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੀ ਰਾਤ ਅੰਮ੍ਰਿਤਸਰ ਦੇ ਲਿਬਰਟੀ ਬਾਜਾਰ ਵਿੱਚ ਮਾਝਾ ਫਾਇਨਾਂਸ ਲਿਮਿਟੇਡ ਕੰਪਨੀ ‘ਚ ਅਚਾਣਕ ਐਸਟੀਐਫ ਵਲੋਂ ਛਾਪਾ ਮਾਰਿਆ ਗਿਆ ਤੇ ਕਾਫੀ ਸਮੇਂ ਤੱਕ ਕੰਪਨੀ ਦੀ ਤਲਾਸ਼ੀ ਲਈ। ਇਹ ਸਾਰਾ ਮਾਮਲਾ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਵਿਚੋਂ ਫੜੀ 194 ਕਿਲੋ ਹੈਰੋਇਨ ਮਾਮਲੇ ਨਾਲ ਸੰਬੰਧਿਤ ਹੈ। ਐਸਟੀਐਫ ਨੂੰ ਜਾਣਕਾਰੀ ਮਿਲੀ ਸੀ ਕਿ, ਲਿਬਰਟੀ ਬਾਜਾਰ ਵਿੱਚ ਹਰਨੀਤ ਸਿੰਘ ਹੈਪੀ ਦੇ ਹਵਾਲਾ ਕਾਰੋਬਾਰ ਦਾ ਇਹ ਉਹ ਅੱਡਾ ਹੈ, ਜਿੱਥੇ ਮਾਝਾ ਫਾਇਨਾਂਸ ਲਿਮਿਟੇਡ ਕੰਪਨੀ ਹੈ।
ਦੱਸ ਦਈਏ ਹਰਨੀਤ ਸਿੰਘ ਨੂੰ ਐਸਟੀਐਫ਼ ਵਲੋਂ 75 ਲੱਖ ਦੀ ਹਵਾਲਾ ਰਾਸ਼ੀ ਟਰਾਂਸਫਰ ਕਰਨ ਨੂੰ ਲੈਕੇ ਗਿਰਫ਼ਤਾਰ ਕੀਤਾ ਗਿਆ ਸੀ। ਐਸਟੀਐਫ਼ ਨੇ ਹਰਨੀਤ ਸਿੰਘ ਹੈਪੀ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਰੱਖਿਆ ਸੀ। ਸ਼ਨੀਵਾਰ ਦੇਰ ਰਾਤ ਐਸਟੀਐਫ਼ ਦੀ ਟੀਮ ਨੇ ਮਾਝਾ ਫਾਇਨਾਂਸ ਲਿਮਿਟਿਡ ਤੇ ਉਸ ਦੇ ਗਲੇ ਨੂੰ ਵੀ ਸੀਲ ਕਰ ਦਿੱਤਾ ਪਰ ਐਸਟੀਐਫ ਅਧਿਕਾਰੀਆਂ ਨੇ ਮੀਡਿਆ ਨਾਲ ਕੋਈ ਰਾਬਤਾ ਨਹੀਂ ਕੀਤਾ।

