ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਰਾਮ ਨਗਰ ਫਾਟਕ ਨਜ਼ਦੀਕ ਵਿਅਕਤੀ ਨੇ ਗੱਡੀ ਅੱਗੇ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ, ਜਿਵੇਂ ਹੀ ਰੇਲ ਗੱਡੀ ਆਈ ਤਾਂ ਸਾਹਮਣੇ ਆਏ ਵਿਅਕਤੀ ਨੇ ਇੱਕ ਦਮ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਉਪਰੰਤ ਰੇਲ ਗੱਡੀ ਦੇ ਚਾਲਕ ਵੱਲੋਂ ਰੇਲ ਗੱਡੀ ਰੋਕ ਕੇ ਘਟਨਾਂ ਦੀ ਸੂਚਨਾ ਜੀਆਰਪੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਉਪਰੰਤ ਮੌਕੇ ‘ਤੇ ਪੁੱਜੀ ਜੀਆਰਪੀ ਪੁਲਿਸ ਨੂੰ ਮ੍ਰਿਤਕ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਮਿਲਿਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਇੰਡੀਅਨ ਆਰਥਿਕ ਸੁਧਾਰ ਪਾਰਟੀ ਦੇ ਨੈਸ਼ਨਲ ਪ੍ਰਧਾਨ ਹਰਪਾਲ ਸਿੰਘ ਵਾਸੀ ਮਨਜੀਤ ਨਗਰ ,ਬਸਤੀ ਸ਼ੇਖ,ਜਲੰਧਰ ਵਜੋਂ ਹੋਈ ਹੈ।
ਜੀਆਰਪੀ ਦੇ ਥਾਣਾ ਮੁਖੀ ਇੰਸਪੈਕਟਰ ਧਰਮਿੰਦਰ ਨੇ ਦੱਸਿਆ ਕਿ, ਮ੍ਰਿਤਕ ਵਿਅਕਤੀ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਖੁਦਕੁਸ਼ੀ ਕਰਨ ਲਈ ਦੋਸ਼ੀ ਠਹਿਰਾਇਆ ਹੈ। ਪੁਲਿਸ ਨੂੰ ਮਿਲੇ ਖ਼ੁਦਕੁਸ਼ੀ ਪੱਤਰ ਵਿੱਚ ਉਸ ਨੇ ਲਿਖਿਆ ਕਿ, ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਭੈਣ, ਉਸ ਦਾ ਜੀਜਾ ਉਸ ਦੀ ਭੈਣ ਦੀ ਲੜਕੀ ਅਤੇ ਭੈਣ ਦੀ ਸੱਸ ਸਹੁਰਾ ਹਨ। ਉਨ੍ਹਾਂ ਦੱਸਿਆ ਕਿ, ਮ੍ਰਿਤਕ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।



