ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਰਨਾਲਾ ਤੋਂ ਕੁੱਟਮਾਰ ਕਰਨ ਦੀ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਨੌਜਵਾਨ ਨੂੰ ਇਕ ਲੜਕੀ ਨਾਲ ਦੋਸਤੀ ਕਰਨਾ ਇਸ ਕਦਰ ਭਾਰੀ ਪੈ ਗਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤਿੰਨ ਦਿਨ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਗੈਰ-ਇਨਸਾਨਿਅਤ ਸਲੂਕ ਕੀਤਾ ਜਿਸ ਨੂੰ ਉਸ ਦੇ ਪਰਿਵਾਰ ਨੇ ਜਾਣਕਾਰੀ ਮਿਲਣ ਉੱਤੇ ਰਿਹਾਅ ਕਰਵਾਇਆ ਅਤੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ।
ਦਰਅਸਲ ਪਿੰਡ ਸੰਗੇੜਾ ਦੇ ਰਹਿਣ ਵਾਲੇ ਜੀਵਨ ਸਿੰਘ ਦੀ ਬਰਨਾਲੇ ਵਿਚ ਇਕ ਕੁੜੀ ਨਾਲ ਦੋਸਤੀ ਸੀ ਅਤੇ ਤਿੰਨ ਦਿਨ ਪਹਿਲਾਂ ਲੜਕੀ ਨੇ ਉਸ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ। ਜਦੋਂ ਉਹ ਲੜਕੀ ਦੇ ਘਰ ਪਹੁਚਿਆ ਤਾਂ ਅੱਗੇ ਲੜਕੀ ਦੇ ਮਾਤਾ-ਪਿਤਾ ਅਤੇ 10 ਹੋਰ ਲੜਕੇ ਉੱਥੇ ਮੌਜੂਦ ਸਨ। ਪੀੜਤ ਨੇ ਦੱਸਿਆ ਕਿ ਲੜਕੀ ਵਾਲਿਆਂ ਨੂੰ ਉਸ ਨੂੰ ਫੜ ਕੇ ਬੰਦੀ ਬਣਾ ਲਿਆ ਅਤੇ ਉਸ ਦੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਉਸ ਨੂੰ ਕੁੱਝ ਵੀ ਖਾਣ-ਪੀਣ ਨੂੰ ਨਾ ਦਿੱਤਾ। ਪੀੜਤ ਅਨੁਸਾਰ ਲੜਕੀ ਵਾਲਿਆਂ ਨੇ ਉਸ ਨੂੰ ਧਮਕੀਆਂ ਦਿੱਤੀਆ ਕਿ ਉਹ ਉਸ ਨੂੰ ਮਾਰ ਕੇ ਨਹਿਰ ਵਿਚ ਸੁੱਟ ਦੇਣਗੇ।
ਇੱਧਰ ਜੀਵਨ ਸਿੰਘ ਦੇ ਘਰਵਾਲਿਆਂ ਨੂੰ ਉਸ ਦੇ ਤਿੰਨ ਦਿਨਾਂ ਤੋਂ ਘਰ ਨਾ ਪਰਤਨ ਉੱਤੇ ਚਿੰਤਾ ਸਤਾਉਣ ਲੱਗੀ। ਜੀਵਨ ਦਾ ਫੋਨ ਵੀ ਬੰਦ ਆ ਰਿਹਾ ਸੀ ਅਤੇ ਉਸ ਦੇ ਲਾਪਤਾ ਹੋਣ ਦੀ ਖਬਰ ਵੀ ਆਸ-ਪਾਸ ਫੈਲ ਚੁੱਕੀ ਸੀ ਪਰ ਇਸੇ ਦੌਰਾਨ ਪੀੜਤ ਦੇ ਪਿੰਡ ‘ਚ ਰਹਿਣ ਵਾਲੇ ਭੋਲਾ ਸਿੰਘ ਨਾਮ ਦੇ ਵਿਅਕਤੀ ਨੂੰ ਲੜਕੀ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਪਿੰਡ ਦਾ ਮੁੰਡਾ ਸਾਡੇ ਕੋਲ ਹੈ ਅਤੇ ਜਦੋਂ ਉਹ ਉਸ ਨੂੰ ਵੇਖਣ ਗਏ ਤਾਂ ਉਹ ਜੀਵਨ ਸਿੰਘ ਸੀ ਜਿਸ ਤੋਂ ਤੁਰੰਤ ਬਾਅਦ ਇਸ ਦੀ ਜਾਣਕਾਰੀ ਪੀੜਤ ਪਰਿਵਾਰ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰ ਜਾਣਕਾਰੀ ਮਿਲਣ ਉੱਤੇ ਲੜਕੀ ਦੇ ਘਰ ਪਹੁੰਚੇ ਅਤੇ ਪੀੜਤ ਨੂੰ ਰਿਹਾਅ ਕਰਵਾਇਆ ਪਰ ਕੁੱਟਮਾਰ ਦੌਰਾਨ ਉਹ ਬੁਰੀ ਤਰ੍ਹਾ ਜਖ਼ਮੀ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਉੱਥੇ ਹੀ ਪਰਿਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਕਾਨੂੰਨ ਹੱਥ ਵਿਚ ਲੈਣ ਵਾਲੇ ਲੜਕੀ ਦੇ ਪਰਿਵਾਰਕ ਮੈਂਬਰਾ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਪੁਲਿਸ ਦਾ ਇਸ ਪੂਰੀ ਘਟਨਾ ਉੱਤੇ ਕਹਿਣਾ ਹੈ ਕਿ ਬਰਨਾਲਾ ਸਿਵਲ ਹਸਪਤਾਲ ਤੋਂ ਅਜੇ ਇਸ ਸਬੰਧੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਜਦੋਂ ਵੀ ਜਾਣਕਾਰੀ ਮਿਲੇਗੀ ਉਦੋਂ ਹੀ ਪੀੜਤ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।



