ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੀ ਦਿਨ ਪੰਜਾਬ ਦੇ ਵਿਚ ਮੌਸਮ ਨੇ ਆਪਣਾ ਰੁਖ ਬਦਲਿਆ ਹੈ। ਸੂਬੇ ਵਿਚ ਕਈ ਥਾਵਾਂ ਉੱਤੇ ਹਲਕੀ ਅਤੇ ਤੇਜ਼ ਬੂੰਦਾ-ਬਾਂਦੀ ਹੋਈ ਹੈ ਨਾਲ ਹੀ ਠੰਡੀਆਂ ਹਵਾਵਾਂ ਚੱਲੀਆਂ ਹਨ ਜਿਸ ਦੇ ਚੱਲਦੇ ਪਾਰਾ ਵੀ ਹੇਠਾਂ ਡਿੱਗਿਆ ਹੈ। ਉੱਥੇ ਹੀ ਦੂਜੇ ਪਾਸੇ ਬੰਠਿਡਾ ਜਿਲ੍ਹੇ ਦੇ ਵਿਚ ਤੇਜ਼ ਬਾਰਿਸ਼ ਦੇ ਨਾਲ ਗੜ੍ਹੇ ਵੀ ਬਰਸੇ ਹਨ ਜਿਸ ਕਰਕੇ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।
ਕਈ ਦਿਨਾਂ ਤੋਂ ਲਗਾਤਾਰ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਠੰਡ ਤੋਂ ਕਾਫ਼ੀ ਰਾਹਤ ਮਿਲੀ ਹੋਈ ਸੀ ਪਰ ਬੀਤੇ ਵੀਰਵਾਰ ਦੀ ਰਾਤ ਨੂੰ ਮੌਸਮ ਨੇ ਕਰਵਟ ਲਈ ਹੈ। ਕੱਲ੍ਹ ਸਵੇਰ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਸ਼ਾਮ ਹੁੰਦਿਆ ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਅਤੇ ਕੁੱਝ ਥਾਵਾਂ ਉੱਤੇ ਭਾਰੀ ਵਰਖਾ ਸ਼ੁਰੂ ਹੋ ਗਈ ਅਤੇ ਠੰਡੀਆਂ ਹਵਾਵਾਂ ਚੱਲਣ ਲੱਗੀਆਂ। ਉੱਥੇ ਹੀ ਬੰਠਿਡਾ ਜਿਲ੍ਹੇ ਵਿਚ ਤੇਜ਼ ਬਾਰਿਸ਼ ਨਾਲ ਗੜ੍ਹਿਆਂ ਦੀ ਵੀ ਬਰਸਾਤ ਹੋਈ ਹੈ ਜਿਸ ਕਰਕੇ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਗੜ੍ਹੇ ਪੈਣ ਨਾਲ ਜਿੱਥੇ ਇਕ ਪਾਸੇ ਠੰਡ ਵਧੀ ਹੈ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀਆਂ ਨਿਸਰੀਆਂ ਹੋਈ ਕਣਕਾਂ ਦੇ ਨਾਲ-ਨਾਲ ਸ਼ਬਜੀਆਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਕਣਕ ਦੀ ਫ਼ਸਲ ਗੜ੍ਹੇ ਪੈਣ ਕਰਕੇ ਵਿਛ ਗਈ ਹੈ ਅਤੇ ਜਿਸ ਦਾ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਖਾਮਿਆਜਾ ਭੁਗਤਣਾ ਪੈਣਾ ਹੈ। ਠੰਡ ਵੱਧਣ ਨਾਲ ਪਾਰਾ ਵੀ ਹੇਠਾਂ ਡਿੱਗਿਆ ਹੈ।
ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ ਹੋਈ ਸੀ ਅਤੇ ਸੂਰਜ ਦੇਵਤਾ ਆਪਣੇ ਦਰਸ਼ਨ ਦੇ ਰਿਹਾ ਸੀ ਪਰ ਮੀਂਹ ਪੈਣ ਕਰਕੇ ਹੁਣ ਠੰਡ ਅੱਗੇ ਨਾਲੋਂ ਫਿਰ ਵੱਧ ਗਈ ਹੈ।


