ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਬੁੱਧਵਾਰ ਨੂੰ ਪਾਕਿਸਤਾਨ ਵਿਖੇ ਰਵਾਨਾ ਹੋ ਗਏ ਹਨ। ਜੱਥੇਦਾਰ ਸਾਹਿਬ ਅੱਜ ਨਨਕਾਣਾ ਸਾਹਿਬ ਪਹੁੰਚਣੇ ਜਿੱਥੇ ਉਹ 21 ਫਰਵਰੀ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਨ-1921 ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਿਰਕਤ ਕਰਨਗੇ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਤੋਂ ਇਲਾਵਾ ਉੱਥੋਂ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਵੀ ਕਰਨਗੇ। ਪਾਕਿਸਤਾਨ ਵਿਚ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਉੱਤੇ ਹੋ ਰਹੇ ਜ਼ੁਲਮ ਦੇ ਬਾਰੇ ਪੁੱਛੇ ਸਵਾਲ ਉੱਤੇ ਜੱਥੇਦਾਰ ਨੇ ਕਿਹਾ ਕਿ ”ਘੱਟਗਿਣਤੀਆਂ ਦੇ ਮਨਾਂ ਵਿਚ ਡਰ ਪੂਰੀ ਦੁਨੀਆਂ ‘ਚ ਹੈ ਚਾਹੇ ਉਹ ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਹੋਵੇ ਪਰ ਜੇਕਰ ਪਾਕਿਸਤਾਨ ਵਿਚ ਕੋਈ ਮਿਲਦਾ ਹੈ ਤਾਂ ਉਨ੍ਹਾਂ ਅੱਗੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਉੱਤੇ ਹੋ ਰਹੇ ਅਤਿਆਚਾਰ ਦਾ ਮੁੱਦਾ ਚੁੱਕਿਆ ਜਾਵੇਗਾ”। ਜੱਥੇਦਾਰ ਅਨੁਸਾਰ ਉਹ ਪਾਕਿਸਤਾਨ ਤੋਂ 24-25 ਫਰਵਰੀ ਨੂੰ ਭਾਰਤ ਵਾਪਸ ਪਰਤਣਗੇ।

