ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੰਗਰੂਰ ਦੇ ਲੌਂਗੋਵਾਲ ਦੇ ਵਿਚ ਬੀਤੇ ਸ਼ਨਿੱਚਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ ਸੀ। ਦਰਅਸਲ ਸਕੂਲ ਤੋਂ ਬੱਚਿਆਂ ਨੂੰ ਵਾਪਸ ਲਿਆ ਰਹੀ ਸਕੂਲ ਵੈਨ ਵਿਚ ਅੱਗ ਲੱਗ ਸੀ ਜਿਸ ਕਰਕੇ ਉਸ ਵਿਚ ਸਵਾਰ 12 ਬੱਚਿਆਂ ‘ਚੋਂ ਚਾਰ ਬੱਚੇ ਜਿਊਂਦੇ ਹੀ ਸੜ ਗਏ ਸਨ ਅਤੇ ਬਾਕੀ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਬੱਸਾਂ ਦੀ ਗੰਭੀਰਤਾ ਨਾਲ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਅੱਜ ਵੱਖ- ਵੱਖ ਸ਼ਹਿਰਾਂ ਵਿਚ ਇਸ ਹੁਕਮ ਨੂੰ ਅਮਲ ਵਿਚ ਲਿਆਂਦਾ ਗਿਆ ਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਨਿਯਮਾਂ ਦੀਆਂ ਉਲਘਣਾਂ ਕਰਨ ਵਾਲੀਆਂ ਦਰਜਨਾਂ ਬੱਸਾਂ ਦਾ ਚਲਾਨ ਵੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਾਭਾ ਸ਼ਹਿਰ ਵਿਚ ਖੁਦ ਐਸ.ਡੀ.ਐਮ ਸੂਬਾ ਸਿੰਘ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਕੂਲ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਕੀਤੀ ਅਤੇ ਮੌਕੇ ‘ਤੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਨਾ ਹੋਣ ‘ਤੇ ਦਰਜਨਾਂ ਬੱਸਾਂ ਦਾ ਚਲਾਨ ਕੀਤਾ ਗਿਆ ਨਾਲ ਕਈ ਬੱਸਾਂ ਨੂੰ ਬਾਊਂਡ ਵੀ ਕੀਤੀ ਗਈਆਂ ਹਨ।
ਪਠਾਨਕੋਟ ਵਿਚ ਵੀ ਕਈ ਸਕੂਲ ਬੱਸ ਡਰਾਇਵਰ ਨਿਯਮਾਂ ਦੀ ਉਲੱਘਣਾ ਕਰਦੇ ਵਿਖਾਈ ਦਿੱਤੇ ਜਿਸ ਕਾਰਨ ਚੈਕਿੰਗ ਕਰ ਰਹੀ ਪੁਲਿਸ ਨੇ ਮੌਕੇ ਉੱਤੇ ਕਾਗਜ ਪੱਤਰ ਪੂਰੇ ਨਾਂ ਹੋਣ ਤੇ ਉਨ੍ਹਾਂ ਦੀਆਂ ਬੱਸਾਂ ਦੇ ਚਲਾਨ ਕੱਟੇ। ਇਸ ਵਿਚ ਕੇਵਲ ਬੱਸ ਡਰਾਇਵਰਾਂ ਦੀ ਹੀ ਨਹੀਂ ਬਲਕਿ ਸਕੂਲ ਪ੍ਰਸ਼ਾਸਨ ਦੀ ਵੀ ਵੱਡੀ ਅਣਗਿਹਲੀ ਵੀ ਨਜ਼ਰ ਆਉਂਦੀ ਹੈ ਜੋ ਕਿ ਇਨ੍ਹਾਂ ਬੱਸਾਂ ਨੂੰ ਬਿਨਾਂ ਕਾਗਜ਼-ਪੱਤਰਾਂ ਤੋਂ ਬੱਚਿਆਂ ਨੂੰ ਲੈਣ ਭੇਜ ਦਿੰਦੇ ਹਨ। ਇਸ ਤੋਂ ਇਲਾਵਾ ਸੀਐਮ ਸੀਟੀ ਪਟਿਆਲਾ, ਆਨੰਦਪੁਰ ਸਾਹਿਬ, ਜਲੰਧਰ, ਮਲੋਟ ਅਤੇ ਰੋਪੜ ਵਿਚ ਵੀ ਪ੍ਰਸ਼ਾਸਨ ਦੁਆਰਾ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਵਿਚ ਕੋਤਾਹੀ ਵਰਤਣ ਵਾਲੇ ਡਰਾਇਵਰਾਂ ਦੀਆਂ ਬੱਸਾਂ ਦਾ ਚਲਾਨ ਕੀਤਾ ਗਿਆ।
ਬੱਸਾਂ ਦੀ ਚੈਕਿੰਗ ਦੌਰਾਨ ਇਸ ਗੱਲ ਦੀ ਵੀ ਜਾਂਚ ਕੀਤੀ ਗਈ ਕਿ ਬੱਸਾਂ ਵਿਚ ਅੱਗ ਬਝਾਊ ਯੰਤਰ, ਮੈਡੀਕਲ ਕਿੱਟ ਅਤੇ ਐਮਰਜੈਂਸੀ ਗੇਟ ਵਰਗੀ ਸਹੂਲਤ ਹੈ ਜਾਂ ਫਿਰ ਨਹੀਂ ਅਤੇ ਅਜਿਹਾ ਨਾ ਹੋਣ ਉੱਤੇ ਵੀ ਬੱਸ ਡਰਾਇਵਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਸੰਗਰੂਰ ਦੇ ਵਿਚ ਵਾਪਰੇ ਹਾਦਸੇ ਤੋਂ ਬਾਅਦ ਪੂਰੇ ਸੂਬੇ ਵਿਚ ਸਕੂਲ ਬੱਸਾਂ ਦੁਆਰਾ ਨਿਯਮਾਂ ਵਿਚ ਕੀਤੀ ਉਲੱਘਣਾ ਸਾਫ਼ ਦਿਖਾਈ ਦੇ ਰਹੀ ਹੈ ਜੇਕਰ ਪ੍ਰਸ਼ਾਸਨ ਘਟਨਾ ਤੋਂ ਪਹਿਲਾਂ ਕੋਈ ਸਖ਼ਤ ਕਦਮ ਚੁੱਕ ਲੈਂਦਾ ਤਾਂ ਸ਼ਾਇਦ ਲੌਗੋਵਾਲ ਵਿਚ ਸਕੂਲ ਵੈਨ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਨ ਦੀ ਨੋਬਤ ਨਹੀਂ ਆਉਣੀ ਸੀ।




