ਦਿੱਲੀ ਚੋਣ ਨਤੀਜਿਆਂ ਦੇ ਪਾਕਿਸਤਾਨ ਵਿਚ ਵੀ ਹੋਏ ਚਰਚੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਬੀਤੀ 11 ਫਰਵਰੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਪੂਰਨ ਬਹੁਮੱਤ ਪ੍ਰਾਪਤ ਕਰਦੇ ਹੋਏ 70 ਸੀਟਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਬੀਤੀ 11 ਫਰਵਰੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਪੂਰਨ ਬਹੁਮੱਤ ਪ੍ਰਾਪਤ ਕਰਦੇ ਹੋਏ 70 ਸੀਟਾਂ ਚੋਂ 62 ਸੀਟਾਂ ਆਪਣੇ ਨਾਮ ਕਰ ਲਈਆਂ ਹਨ ਜਦਕਿ ਭਾਜਪਾ ਨੂੰ 8 ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਹੈ ਉੱਥੇ ਹੀ ਜੇਕਰ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਨੂੰ ਇਕ ਵੀ ਸੀਟ ਪ੍ਰਾਪਤ ਨਹੀਂ ਹੋ ਸਕੀ ਹੈ। ਦਿੱਲੀ ਦੇ ਚੋਣ ਨਤੀਜਿਆਂ ਉੱਤੇ ਕੇਵਲ ਪੂਰੇ ਭਾਰਤ ਦੀ ਹੀ ਨਜ਼ਰ ਨਹੀਂ ਸੀ ਬਲਕਿ ਗੁਆਂਢੀ ਮੁਲਕ ਪਾਕਿਸਤਾਨ ਵੀ ਇਨ੍ਹਾਂ ਨਤੀਜਿਆਂ ਵਿਚ ਕਾਫੀ ਦਿਲਚਸਪੀ ਲੈ ਰਿਹਾ ਸੀ।

ਦਿੱਲੀ ਚੋਣਾਂ ਦੇ ਨਤੀਜ਼ੇ ਆਉਣ ‘ਤੇ ਪਾਕਿਸਤਾਨ ਦੀ ਮੀਡੀਆ ਵਿਚ ਇਸ ਦੀ ਚਰਚਾ ਸ਼ੁਰੂ ਹੋ ਗਈ ਅਤੇ ਪਾਕਿਸਤਾਨੀ ਮੰਤਰੀਆਂ ਦੇ ਵੀ ਇਨ੍ਹਾਂ ਚੋਣ ਨਤੀਜਿਆ ਉੱਤੇ ਬਿਆਨ ਆਉਣਾ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਪ ਦੀ ਜਿੱਤ ਅਤੇ ਭਾਜਪਾ ਦੀ ਹੋਈ ਹਾਰ ਉੱਤੇ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਫਵਾਦ ਚੋਧਰੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਵੀਟ ਰਾਹੀ ਪ੍ਰਧਾਨ ਮੰਤਰੀ ਮੋਦੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ”Aww, ਇਹ ਕੀ ਹੋਇਆ ਬੇਚਾਰਾ ਮੋਦੀ”।

ਇਸ ਤੋਂ ਪਹਿਲਾਂ ਵੀ ਫਵਾਦ ਚੋਧਰੀ ਨੇ ਚੋਣਾਂ ਦੌਰਾਨ ਟਵੀਟ ਕਰਦੇ ਹੋਏ ਕਿਹਾ ਸੀ ਕਿ ਭਾਰਤ ਦੀ ਜਨਤਾ ਨੂੰ ਦਿੱਲੀ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਚਾਹੀਦਾ ਹੈ। ਹਾਲਾਂਕਿ ਇਸ ਟਵੀਟ ਦਾ ਉਸ ਦੌਰਾਨ ਖੁਦ ਅਰਵਿੰਦ ਕੇਜਰੀਵਾਲ ਨੇ ਕਰਾਰ ਜਵਾਬ ਦਿੰਦਿਆਂ ਫਵਾਦ ਚੋਧਰੀ ਨੂੰ ਕਿਹਾ ਸੀ ਕਿ ਨਰਿੰਦਰ ਮੋਦੀ ਜੀ ਮੇਰੇ ਦੇਸ਼ ਅਤੇ ਮੇਰੇ ਵੀ ਪ੍ਰਧਾਨ ਮੰਤਰੀ ਹਨ। ਦਿੱਲੀ ਦੀਆਂ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਅਸੀ ਅੱਤਵਾਦ ਦੇ ਸੱਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਜਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਇਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੇਸ਼ੀ ਨੇ ਵੀ ਦਿੱਲੀ ਚੋਣਾਂ ਦੇ ਐਗਜ਼ਿਟ ਪੋਲਾਂ ਦੌਰਾਨ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੁਆਰਾ ਲਿਆਏ ਗਏ ਨਾਗਰਿਕਤਾ ਸੋਧ ਕਾਨੂੰਨ ਕਾਰਨ ਹੀ ਭਾਜਪਾ ਅੱਗੇ ਹਾਰ ਦਾ ਖਤਰਾ ਮੰਡਰਾ ਰਿਹਾ ਹੈ ਅਤੇ 2019 ਵਿਚ ਹੋਈ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਤਿੰਨ ਸੂਬਿਆਂ ਵਿਚ ਹੋਈ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਪਾਕਿਸਤਾਨ ਦੇ ਰਾਜਨੇਤਾ ਹੀ ਨਹੀਂ ਬਲਕਿ ਪਾਕਿ ਮੀਡੀਆਂ ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਖਾਸ ਰੁਚੀ ਵਿਖਾਈ ਹੈ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਨੇ ਲਿਖਿਆ ਕਿ ਰਾਸ਼ਟਰੀ ਮੁੱਦਿਆ ਉੱਤੇ ਸਖ਼ਤ ਰੁਖ ਦਿਖਾਉਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਭਾਜਪਾ ਦੇ ਲਈ ਅਕਰਾਮਕ ਕੈਂਪੇਨ ਚਲਾਇਆ ਅਤੇ ਭਾਜਪਾ ਨੇ ਸ਼ਾਹੀਨ ਬਾਗ ਨੂੰ ਮੁੱਦਾ ਬਣਾ ਕੇ ਚੋਣਾਂ ਲੜੀਆਂ ਜਦਕਿ ਕੇਜਰੀਵਾਲ ਸਥਾਨਕ ਮੁੱਦਿਆਂ ਨੂੰ ਮੁੱਖ ਰੱਖਦ ਹੋਏ ਇਨ੍ਹਾਂ ਚੋਣਾਂ ਵਿਚ ਲੜੇ। ਪਾਕਿਸਤਾਨ ਦੇ ਨਾਮੀ ਅਖਬਾਰ ਡਾਨ ਨੇ ਲਿਖਿਆ ਦਿੱਲੀ ਦੇ ਮਹੱਤਵਪੂਰਨ ਚੋਣਾਂ ਵਿਚ ਮੋਦੀ ਦੀ ਹਾਰ, ਕੇਜਰੀਵਾਲ ਦੀ ਆਪ ਨੇ ਮੋਦੀ ਦੀ ਭਾਜਪਾ ਨੂੰ ਹਰਾਇਆ।

Leave a Reply

Your email address will not be published. Required fields are marked *