ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਰਨਾਲਾ ਜਿਲ੍ਹੇ ਦੇ ਪਿੰਡ ਪਖੋਕੇ ‘ਚ ਸਾਬਕਾ ਸੈਨਿਕ ਜਸਵਿੰਦਰ ਸਿੰਘ ਦੀ 49 ਸਾਲਾਂ ‘ਚ ਸਵਾਇਨ ਫਲੂ ਕਾਰਨ ਹੋਈ ਮੌਤ ਤੋਂ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਸੇਵਾਮੁਕਤ ਹੋਣ ਤੋਂ ਬਾਅਦ ਸੈਨਿਕ ਆਪਣੇ ਜੱਦੀ ਪਿੰਡ ‘ਚ ਖੇਤੀ ਕਰਦਾ ਸੀ। ਮ੍ਰਿਤਕ ਨੂੰ ਕੁਝ ਦਿਨ ਪਹਿਲਾਂ ਨਜ਼ਲਾ, ਬੁਖਾਰ ਦੀ ਸ਼ਿਕਾਇਤ ਹੋਣ ‘ਤੇ ਬਹਰਨਾਲਾ ਦੇ ਇੱਕ ਪ੍ਰਾਇਵੇਟ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।
ਪਰ ਗੰਭੀਰ ਹਾਲਤ ਚਲਦਿਆਂ ਮਰੀਜ ਨੂੰ ਲੁਧਿਆਣਾ ਹਸਪਤਾਲ ‘ਚ ਰੈਫਰ ਕਰਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਮਰੀਜ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਮੌਤ ਦਾ ਕਾਰਨ ਸਵਾਇਨ ਫਲੂ ਦੱਸਿਆ। ਬਰਨਾਲਾ ਹਸਪਤਾਲ ‘ਚ ਪਹਿਲਾਂ ਵੀ ਕਈ ਮਰੀਜਾਂ ਦੀ ਸਵਾਇਨ ਫਲੂ ਕਾਰਨ ਮੌਤ ਹੋ ਚੁੱਕੀ ਹੈ।
ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਿਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ, ਸਾਬਕਾ ਸੈਨਿਕ ਜਸਵਿੰਦਰ ਸਿੰਘ ਬੀਤੀ 6 ਫਰਵਰੀ ਨੂੰ ਬੁਖਾਰ ਤੇ ਨਜ਼ਲੇ ਦੀ ਸ਼ਿਕਾਇਤ ਹੋਣ ‘ਤੇ ਬਰਨਾਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਡਾ. ਨੇ ਮਰੀਜ ਦੀ ਹਾਲਤ ਗੰਭੀਰ ਦੇਖਦਿਆਂ ਲੁਧਿਆਣਾ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਾਇਆ ਸੀ, ਜਿੱਥੇ ਡਾਕਟਰਾਂ ਵਲੋਂ ਨਿਮੋਨਿਆ ਦਾ ਇਲਾਜ ਕੀਤਾ ਜਾ ਰਿਹਾ ਸੀ।
ਪਰ ਹਾਲਤ ਠੀਕ ਨਾ ਹੋਣ ‘ਤੇ ਜਦੋਂ ਮਰੀਜ ਦੇ ਸੈਂਪਲ ਜਾਂਚ ਲਈ ਭੇਜੇ ਗਏ ਤਾਂ ਰਿਪੋਰਟ ਆਉਂਣ ਤੱਕ ਮਰੀਜ ਦੀ ਮੌਤ ਹੋ ਚੁੱਕੀ ਸੀ। ਸਿਹਤ ਵਿਭਾਗ ਨੇ ਮ੍ਰਿਤਕ ਦੀ ਸਵਾਇਨ ਫਲੂ ਤੋਂ ਮੌਤ ਹੋਣ ਦੀ ਪੁਸ਼ਟੀ ਕੀਤੀ, ਜਿਸਦੀ ਜਾਣਕਾਰੀ ਸਿਹਤ ਵਿਭਾਗ ਵਲੋਂ ਮ੍ਰਿਤਕ ਦੇ ਘਰਦਿਆਂ ਅਤੇ ਗੁਆਂਢੀਆਂ ਨੂੰ ਦਿੱਤੀ ਗਈ ਅਤੇ ਇਸ ਬਾਰੇ ਸੁਚੇਤ ਕੀਤਾ। ਉਥੇ ਹੀ ਸਿਹਤ ਵਿਭਾਗ ਨੇ ਦੱਸਿਆ ਕਿ, ਸਵਾਇਨ ਫਲੂ ਤੋਂ ਨਜਿੱਠਣ ਲਈ ਹਸਪਤਾਲ ‘ਚ 8 ਆਇਸੋਲੇਸ਼ਨ ਬਿਸਤਰ ਵਾਲਾ ਵੱਖਰਾ ਵਾਰਡ ਬਣਾਇਆ ਗਿਆ ਹੈ।



