ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁਕਰਵਾਰ ਨੂੰ ਮੋਗੇ ਸ਼ਹਿਰ ਵਿਖੇ ਇੱਕ ਨਿੱਜੀ ਬੱਸ ਦੀ ਚਪੇਟ ‘ਚ ਆਉਣ ਕਾਰਨ ਇੱਕ ਗਰੀਬ ਵਿਅਕਤੀ ਦੀ ਮੌਤ ਦਾ ਮਾਮਲਾ ਦਿਨੋਂ-ਦਿਨ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਨਿਹੰਗ ਸਿੰਘਾਂ ਨੇ ਦਖਲ ਦਿੰਦਿਆਂ ਦੋਸ਼ੀਆਂ ਖਿਲਾਫ਼ ਪੁਲਿਸ ਦੀ ਢਿੱਲੀ ਕਾਰਵਾਈ ਦੇ ਰੋਸ ਵਜੋਂ ਸ਼ਹਿਰ ਦੇ ਚੌਂਕ ਵਿੱਚ ਨੰਗੀਆਂ ਤਲਵਾਰਾਂ ਲਹਿਰਾਈਆਂ।
ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਜਾਰੀ ਹੈ। ਇਸ ਬਾਬਤ ਸੰਬੰਧਿਤ ਬੱਸ ਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ, ਪੀੜ੍ਹਤ ਪਰਿਵਾਰ ਕਿਸੇ ਗਲਤਫਹਿਮੀ ਕਾਰਨ ਇੱਥੇ ਧਰਨਾ ਲਗਾ ਰਿਹਾ ਹੈ, ਜਦਕਿ ਇਸ ਮਾਮਲੇ ਵਿੱਚ ਪੁਲਿਸ ਪੂਰੀ ਤਨ-ਦੇਹੀ ਨਾਲ ਕਾਰਵਾਈ ਕਰ ਰਹੀ ਹੈ। ਪਰਮਜੀਤ ਸਿੰਘ ਅਨੁਸਾਰ ਪੁਲਿਸ ਨੇ ਸੰਬੰਧਿਤ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਕਿਹਾ ਮ੍ਰਿਤਕ ਦੀ ਪਤਨੀ ਨੇ…..
ਇਸ ਦੌਰਾਨ ਚੌਕ ਵਿੱਚ ਲਾਸ਼ ਸਮੇਤ ਧਰਨੇ ‘ਤੇ ਬੈਠੀ ਮ੍ਰਿਤਕ ਦੀ ਪਤਨੀ ਨੇ ਪੁਲਿਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ, ਪੁਲਿਸ ਮਾਮਲੇ ਨੂੰ ਲੰਮਕਾ ਰਹੀ ਹੈ। ਪੁਲਿਸ ਨੇ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ। ਪੀੜਤਾ ਅਨੁਸਾਰ ਪਰਿਵਾਰ ‘ਚ ਕੇਵਲ ਉਸਦਾ ਪਤੀ ਹੀ ਕਮਾਉਣ ਵਾਲਾ ਸੀ ਪਰ ਉਸਦੀ ਮੌਤ ਕਾਰਨ ਉਸਦਾ ਪਰਿਵਾਰ ਆਰਥਿਕ ਤੰਗੀ ਦੀ ਮਾਰ ਝੱਲ ਰਿਹਾ ਹੈ। ਪੀੜਤਾ ਅਨੁਸਾਰ ਉਹ ਇਸ ਧਰਨੇ ‘ਤੇ ਉਦੋਂ ਤੱਕ ਬੈਠੀ ਰਹੇਗੀ ਜਦੋਂ ਤੱਕ ਪੁਲਿਸ ਦੋਸ਼ੀਆਂ ਖਿਲਾਫ਼ ਪੁਖਤਾ ਕਾਰਵਾਈ ਨਹੀਂ ਕਰ ਲੈਂਦੀ।
ਇਸ ਦੌਰਾਨ ਪੀੜਤ ਪਰਿਵਾਰ ਦੇ ਹੱਕ ਵਿੱਚ ਨਿਤਰੇ ਨਿਹੰਗ ਸਿੰਘਾਂ ਨੇ ਪਰਿਵਾਰ ਦੀ ਹਮਾਇਤ ਅਤੇ ਪੁਲਿਸ ਦੇ ਵਿਰੋਧ ‘ਚ ਨੰਗੀਆਂ ਤਲਵਾਰਾਂ ਲਹਿਰਾਈਆਂ, ਜਿਸ ਦਾ ਕਿ ਹੋਰਨਾਂ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸ਼ਨ ਇਸ ਦੌਰਾਨ ਮੂਕ ਦਰਸ਼ਕ ਬਣ ਦੇਖਦਾ ਰਿਹਾ।
ਦੱਸ ਦਈਏ ਕਿ, ਬੀਤੇ ਸ਼ੁਕਰਵਾਰ ਨੂੰ ਇੱਕ ਮਜਦੂਰ ਦੀ ਮੋਗਾ ਦੀ ਨਿੱਜੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਥਾਣੇ ‘ਚ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਪਰ ਹਾਲੇ ਤੱਕ ਵੀ ਬਸ ਚਾਲਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ।


